ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 11 ਫਰਵਰੀ
ਅੱਜ ਸਥਾਨਕ ਤੰਗ ਅਤੇ ਭੀੜ-ਭਾੜ ਵਾਲੇ ਦਰਸ਼ਨੀ ਬਾਜ਼ਾਰ ਵਿੱਚ ਦੁਪਹਿਰੇ ਕਰੀਬ 12.15 ਵਜੇ ਮਸ਼ਹੂਰ ਡਾਇਮੰਡ ਬੇਕਰੀ ਦੀ ਬੇਸਮੈਂਟ ਵਿੱਚ ਅਚਾਨਕ ਅੱਗ ਲੱਗ ਗਈ। ਬੇਸਮੇਂਟ ਵਿੱਚ ਥੱਲੇ ਬਿਜਲੀ ਤੇ ਡੀਜ਼ਲ ਦੀਆਂ ਭੱਠੀਆਂ ਲੱਗੀਆਂ ਹੋਈਆਂ ਸੀ। ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਦੁਪਹਿਰੇ ਅਚਾਨਕ ਬਲਾਸਟ ਹੋਇਆ ਅਤੇ ਦੇਖਦੇ ਹੀ ਦੇਖਦੇ ਭਿਆਨਕ ਅੱਗ ਸਾਰੀ ਬੇਸਮੈਂਟ ਵਿਚ ਫੈਲ ਗਈ ਅਤੇ ਅੱਗ ਦੀਆਂ ਲਪਟਾਂ ਬੇਸੈਂਟ ਦੇ ਰੌਸ਼ਨਦਾਨ ਤੋਂ ਬਾਹਰ ਬਜ਼ਾਰ ਵਿੱਚ ਆਉਣ ਲੱਗੀਆਂ। ਇਸ ਨਾਲ ਆਲੇ ਦੁਆਲੇ ਦੇ ਦੁਕਾਨਦਾਰਾਂ ਵਿਚ ਅਫਰਾ-ਤਫਰੀ ਮਚ ਗਈ, ਕਿਉਂਕਿ ਇਸ ਦੇ ਕੋਲ ਮਨਿਆਰੀ, ਰੈਡੀਮੇਡ ਅਤੇ ਕੱਪੜੇ ਦੀਆਂ ਦੁਕਾਨਾਂ ਹਨ। ਬਾਜ਼ਾਰ ਦੇ ਦੁਕਾਨਦਾਰਾਂ ਨੇ ਤੁਰੰਤ ਆਪਣੀਆਂ-ਆਪਣੀਆਂ ਦੁਕਾਨਾਂ ਵਿੱਚੋਂ ਸਾਮਾਨ ਕਢਵਾ ਕੇ ਦੂਸਰੀ ਜਗ੍ਹਾ ’ਤੇ ਪਹੁੰਚਾਇਆ। ਫਾਇਰ ਬਿ੍ਗੇਡ ਕਰੀਬ ਡੇਢ ਘੰਟੇ ਬਾਅਦ ਘਟਨਾ ਸਥਾਨ ’ਤੇ ਪਹੁੰਚੀ ਅਤੇ ਕਈ ਘੰਟੇ ਦੀ ਸੱਖਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਨਗਰ ਕੌਂਸਲ ਅਧਿਕਾਰੀਆਂ ’ਤੇ ਫਿਰ ਉੱਠਿਆ ਸਵਾਲ?
ਅੱਗ ਲੱਗਣ ਦੇ ਮਾਮਲੇ ਨੂੰ ਲੈ ਕੇ ਸਥਾਨਕ ਨਗਰ ਕੌਂਸਲ ਵੀ ਸਵਾਲਾਂ ਦੇ ਘੇਰੇ ਵਿਚ ਹੈ। ਇਲਾਕਾ ਨਿਵਾਸੀ ਨਗਰ ਕੌਂਸਲ ’ਤੇ ਸਵਾਲ ਚੁੱਕ ਰਹੇ ਹਨ ਕਿ ਆਖ਼ਰ ਇਸ ਤੰਗ ਬਜ਼ਾਰ ਵਿਚ ਨਗਰ ਕੌਂਸਲ ਅਧਿਕਾਰੀਆਂ ਨੇ ਕਰੀਬ 12 ਫੁਟ ਡੂੰਘੀ ਬੇਸਮੇਂਟ ਦਾ ਨਕਸ਼ਾ ਕਿਵੇਂ ਪਾਸ ਕਰ ਦਿੱਤਾ ਕਿਉਂਕਿ ਰਿਹਾਇਸ਼ੀ ਅਤੇ ਤੰਗ ਬਜ਼ਾਰ ਵਿੱਚ ਬੇਸਮੇਂਟ ਦਾ ਨਿਰਮਾਣ ਗੈਰ-ਕਾਨੂੰਨੀ ਹੈ।