ਪੱਤਰ ਪ੍ਰੇਰਕ
ਧਾਰੀਵਾਲ, 8 ਜੁਲਾਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਪੁਲ ਸਠਿਆਲੀ ਦੀ ਮੀਟਿੰਗ ਪ੍ਰਧਾਨ ਗੁਰਮੁੱਖ ਸਿੰਘ ਖਾਨਮਲੱਕ, ਸਕੱਤਰ ਅਨੂਪ ਸਿੰਘ ਬਲੱਗਣ ਤੇ ਪ੍ਰੈੱਸ ਸਕੱਤਰ ਹਰਚਰਨ ਸਿੰਘ ਧਾਰੀਵਾਲ ਕਲਾਂ ਦੀ ਅਗਵਾਈ ਵਿੱਚ ਗੁਰਦੁਆਰਾ ਬੋਹੜੀ ਸਾਹਿਬ (ਨੇੜੇ ਅੱਡਾ ਡੇਹਰੀਵਾਲ ਦਰੋਗਾ) ਵਿੱਚ ਹੋਈ। ਮੀਟਿੰਗ ਦੌਰਾਨ ‘ਲੋਕ ਪੱਖੀ ਅਤੇ ਕੁਦਰਤ ਪੱਖੀ ਬਦਲਾਵ ਜ਼ਰੂਰੀ’ ਵਿਸ਼ੇ ’ਤੇ ਵਿਚਾਰ ਚਰਚਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਹਿੱਤ ਕੰਮ ਕਰਨ ਦੀ ਬਜਾਏ ਉਲਟਾ ਲਗਾਤਾਰ ਕਾਰਪੋਰੇਟਰਾਂ ਨੂੰ ਬੜਾਵਾ ਦੇ ਕੇ ਦੇਸ਼ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਤੋਂ ਇਲਾਵਾ ਪੰਜਾਬ ਸਰਕਾਰ ਵੀ ਪੰਜਾਬ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਅਤੇ ਨਸ਼ੇਖੋਰੀ ਨੂੰ ਖਤਮ ਕਰਨ ਵਿੱਚ ਬਿਲਕੁਲ ਨਾਕਾਮ ਸਾਬਤ ਹੋ ਰਹੀ ਹੈ। ਦਿਨ ਦਿਹਾੜੇ ਹੁੰਦੇ ਕਤਲ ਅਤੇ ਨਸ਼ੇ ਕਾਰਨ ਰੋਜ਼ ਉੱਠ ਰਹੀਆਂ ਲਾਸ਼ਾਂ ਸੂਬੇ ਲਈ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਰਕਾਰ ਨੂੰ ਇਨ੍ਹਾਂ ਦਾ ਸਾਰਥਕ ਹੱਲ ਲੱਭਣਾ ਚਾਹੀਦਾ ਹੈ।