ਨਿੱਜੀ ਪੱਤਰ ਪ੍ਰੇਰਕ
ਬਟਾਲਾ, 21 ਅਕਤੂਬਰ
ਸਰਹੱਦੀ ਜ਼ਿਲ੍ਹੇ ਦੀ ਸਭ ਤੋਂ ਵੱਡੀ ਦਾਣਾ ਮੰਡੀ ਬਟਾਲਾ ਵਿੱਚ ਝੋਨੇ ਦੀ ਖਰੀਦ ਅਤੇ ਚੁਕਾਈ ਦਾ ਕੰਮ ਵੱਡੀ ਪੱਧਰ ’ਤੇ ਚੱਲ ਰਿਹਾ ਹੈ। ਬਟਾਲਾ ਦਾਣਾ ਮੰਡੀ ਵਿਚ 84,634 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ, ਜਿਸ ਵਿੱਚੋਂ 69,628 ਮੀਟਰਕ ਟਨ ਝੋਨੇ ਦੀ ਚੁਕਾਈ ਹੋ ਚੁੱਕੀ ਹੈ। ਐੱਸਡੀਐੱਮ ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਦਾਣਾ ਮੰਡੀ ਪੰਜ ਗਰਾਈਆਂ, ਮਸਾਣੀਆਂ, ਸਰੂਪਵਾਲੀ, ਦਿਆਲਗੜ੍ਹ, ਭਾਗੋਵਾਲ ਅਤੇ ਕਾਸ਼ਤੀਵਾਲ ਵਿੱਚ 1,03,412 ਮੀਟਰਿਕ ਟਨ ਦੀ ਖਰੀਦ ’ਚੋਂ 76,602 ਮੀਟਰਿਕ ਟਨ ਦੀ ਚੁਕਾਈ ਕੀਤੀ ਜਾ ਚੁੱਕੀ ਹੈ। ਪਿੰਡ ਖਾਨੋਵਾਲ ਦੇ ਕਿਸਾਨ ਸਰਬਜੀਤ ਸਿੰਘ, ਪਿੰਡ ਕਾਸ਼ਤੀਵਾਲ ਦੇ ਕਿਸਾਨ ਸਹਿਜਬੀਰ ਸਿੰਘ ਤੇ ਖੜਕ ਸਿੰਘ ਪਿੰਡ ਚੰਦੂਮਈ ਨੇ ਦੱਸਿਆ ਕਿ ਉਨ੍ਹਾਂ ਨੂੰ ਦਾਣਾ ਮੰਡੀ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਕਿਸਾਨ ਸੇਵਾ ਕੇਂਦਰ, ਕਿਸਾਨ ਸਿਹਤ ਕੇਂਦਰ ਸਮੇਤ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ, ਜਿਸ ਨਾਲ ਕਿਸਾਨ ਕੀਤੇ ਗਏ ਪ੍ਰਬੰਧਾਂ ਤੋਂ ਸੰਤੁਸ਼ਟ ਹਨ। ਦੱਸਣਯੋਗ ਹੈ ਕਿ 20 ਅਕਤੂਬਰ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 3,38,818 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ।