ਦੀਪਕ ਠਾਕੁਰ
ਤਲਵਾੜਾ, 22 ਜੁਲਾਈ
ਸਬ ਡਿਵੀਜ਼ਨ ਮੁਕੇਰੀਆਂ ਵਿੱਚ ਖਣਨ ਸਮੱਗਰੀ ’ਤੇ ਗੁੰਡਾ ਟੈਕਸ ਦੀ ਵਸੂਲੀ ਕਾਰਨ ਰੇਤਾ, ਬਜਰੀ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਹਾਜੀਪੁਰ ਤੇ ਤਲਵਾੜਾ ਖੇਤਰਾਂ ਵਿੱਚ ਦੋ ਦਰਜਨ ਦੇ ਕਰੀਬ ਸਟੋਨ ਕਰੱਸ਼ਰ ਹਨ। ਹਾਸਲ ਜਾਣਕਾਰੀ ਅਨੁਸਾਰ ਨੋਇਡਾ (ਯੂਪੀ) ਦੀ ਇੱਕ ਕੰਪਨੀ ਜਿਸ ਨੂੰ ਮਾਈਨਿੰਗ ਵਿਭਾਗ ਹੁਸ਼ਿਆਰਪੁਰ ਵਿੱਚ ਰੇਤੇ ਤੇ ਗਰੈਵਲ ਦਾ ਠੇਕੇਦਾਰ ਦੱਸ ਰਿਹਾ ਹੈ, ਖੇਤਰ ਦੇ ਕਰੱਸ਼ਰ ਮਾਲਕਾਂ ਤੋਂ ਖਣਨ ’ਤੇ ਘਣ ਫੁੱਟ ਦੇ ਹਿਸਾਬ ਨਾਲ ਟੈਕਸ ਵਸੂਲ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ ਤੱਕ ਰੇਤੇ ’ਤੇ 5 ਰੁਪਏ, ਬਜਰੀ ’ਤੇ 4 ਰੁਪਏ ਤੇ ਗਟਕੇ ’ਤੇ 3 ਰੁਪਏ ਪ੍ਰਤੀ ਘਣ ਫੁੱਟ ਵਾਧੂ ਟੈਕਸ ਵਸੂਲਿਆ ਜਾ ਰਿਹਾ ਸੀ। ਪਿਛਲੇ ਦਿਨੀਂ ਹਰੇਕ ਆਈਟਮ ’ਚ ਇੱਕ ਰੁਪਏ ਪ੍ਰਤੀ ਘਣ ਫੁੱਟ ਦਾ ਵਾਧਾ ਕੀਤਾ ਗਿਆ ਹੈ। ਨਤੀਜੇ ਵਜੋਂ ਪਹਿਲਾਂ ਹੀ ਮਹਿੰਗੇ ਭਾਅ ਖਣਨ ਸਮੱਗਰੀ ਖਰੀਦ ਰਹੇ ਲੋਕਾਂ ’ਤੇ ਹੋਰ ਬੋਝ ਪੈ ਗਿਆ ਹੈ। ਸਟੋਨ ਕਰੱਸ਼ਰ ਮਾਲਕ ਵੀ ਗੁੰਡਾ ਟੈਕਸ ਤੋਂ ਔਖੇ ਹਨ, ਪਰ ਕੰਪਨੀ ਮਾਲਕਾਂ ਦੇ ਸਿਆਸੀ ਰਸੂਖ਼ ਕਾਰਨ ਊਹ ਮੂੰਹ ਖੋਲ੍ਹਣ ਤੋਂ ਇਨਕਾਰੀ ਹਨ। ਨਾਮ ਨਾ ਛਾਪਣ ਦੀ ਸ਼ਰਤ ’ਤੇ ਇਕ ਕਰੱਸ਼ਰ ਮਾਲਕ ਨੇ ਦੱਸਿਆ ਕਿ ਗੁੰਡਾ ਟੈਕਸ ਵਸੂਲ ਰਹੀ ਕੰਪਨੀ ਦੇ ਕਰਿੰਦੇ ਹਰੇਕ ਕਰੱਸ਼ਰ ’ਤੇ ਬੈਠੇ ਹੁੰਦੇ ਹਨ ਤੇ ਆਉਣ-ਜਾਣ ਵਾਲੀਆਂ ਗੱਡੀਆਂ ਨੋਟ ਕਰਦੇ ਹਨ। ਊਪਰੰਤ ਸ਼ਾਮ ਵੇਲੇ ਕਰੱਸ਼ਰ ਮਾਲਕਾਂ ਨਾਲ ਮਾਲ ਦਾ ਹਿਸਾਬ ਕਰਦੇ ਹਨ, ਜੋ ਹਰੇਕ ਕਰੱਸ਼ਰ ’ਤੇ ਲੱਖਾਂ ਰੁਪਏ ਬਣਦਾ ਹੈ। ਇਸ ਵਸੂਲੀ ਦੀ ਕਰੱਸ਼ਰ ਮਾਲਕ ਨੂੰ ਕੋਈ ਰਸੀਦ ਜਾਂ ਪਰਚੀ ਨਹੀਂ ਦਿੱਤੀ ਜਾਂਦੀ। ਕਰੱਸ਼ਰ ਮਾਲਕ ਦੇ ਦੱਸਣ ਅਨੁਸਾਰ ਵਿਰੋਧ ਕਰਨ ’ਤੇ ਛਾਪਾ ਪੁਆਊਣ ਜਾਂ ਕਾਰੋਬਾਰ ਠੱਪ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਇਸ ਸਬੰਧ ਵਿੱਚ ਨੋਇਡਾ ਦੀ ਕੰਪਨੀ ਦੇ ਅਧਿਕਾਰੀ ਮਨਦੀਪ ਸਿੰਘ ਨੇ ਕਿਸੇ ਵੀ ਤਰ੍ਹਾਂ ਦੀ ਟੈਕਸ ਵਸੂਲੀ ਕੀਤੇ ਜਾਣ ਤੋਂ ਸਾਫ਼ ਇਨਕਾਰ ਕੀਤਾ। ਉਨ੍ਹਾਂ ਇਸ ਸਬੰਧੀ ਮਾਈਨਿੰਗ ਵਿਭਾਗ ਨਾਲ ਗੱਲ ਕਰਨ ਦੀ ਸਲਾਹ ਦਿੱਤੀ।
ਅਧਿਕਾਰੀਆਂ ਨੇ ਇਕ-ਦੂਜੇ ’ਤੇ ਸੁੱਟੀ ਜ਼ਿੰਮੇਵਾਰੀ
ਮਾਈਨਿੰਗ ਅਫ਼ਸਰ ਗਗਨ ਨੇ ਇਸ ਮਾਮਲੇ ਤੋਂ ਅਣਜਾਣਤਾ ਪ੍ਰਗਟਾਈ। ਉਨ੍ਹਾਂ ਗੁੰਡਾ ਟੈਕਸ ਜਾਂ ਨੋਇਡਾ ਦੀ ਕੰਪਨੀ ਬਾਰੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਸਲਾਹ ਦਿੱਤੀ। ਮਾਈਨਿੰਗ ਵਿਭਾਗ ’ਚ ਨਵ-ਨਿਯੁਕਤ ਐਕਸੀਅਨ ਦਵਿੰਦਰ ਸਿੰਘ ਨੇ ਕਿਹਾ ਇਸ ਸਬੰਧੀ ਸਮੁੱਚੀ ਜਾਣਕਾਰੀ ਮਾਈਨਿੰਗ ਅਫ਼ਸਰ ਗਗਨ ਕੋਲੋਂ ਮਿਲ ਸਕਦੀ ਹੈ। ਊੱਧਰ, ਐੱਸਐੱਸਪੀ ਹੁਸ਼ਿਆਰਪੁਰ ਗੌਰਵ ਗਰਗ ਨੇ ਇਸ ਮਾਮਲੇ ਵਿੱਚ ਪੁਲੀਸ ਦੀ ਕੋਈ ਭੂਮਿਕਾ ਨਾ ਹੋਣ ਦੀ ਗੱਲ ਕਹੀ। ਊਨ੍ਹਾਂ ਕਿਹਾ ਕਿ ਇਹ ਜਵਾਬਦੇਹੀ ਮਾਈਨਿੰਗ ਵਿਭਾਗ ਦੀ ਹੈ।