ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 25 ਮਈ
ਅੰਮ੍ਰਿਤਸਰ ਸਮੇਤ ਕਈ ਥਾਵਾਂ ’ਤੇ ਅੱਜ ਵਿਰੋਧੀ ਪਾਰਟੀਆਂ ਦੇ ਲਗਪਗ ਅੱਧਾ ਦਰਜਨ ਵੱਡੇ ਆਗੂ ‘ਆਪ’ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਦੌਰਾਨ ਅੱਜ ਮੁੱਖ ਮੰਤਰੀ ਨੇ ਵੱਖ-ਵੱਖ ਹਲਕਿਆਂ ਵਿਚ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਵਾਸਤੇ ਰੋਡ ਸ਼ੋਅ ਕੀਤੇ ਹਨ। ਕਾਂਗਰਸ ਦੇ ਸੀਨੀਅਰ ਆਗੂ ਰੰਜਨ ਅਗਰਵਾਲ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ‘ਆਪ’ ’ਚ ਸ਼ਾਮਲ ਹੋ ਗਏ। ਇਸ ਮੌਕੇ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕ ਜੀਵਨ ਜੋਤ ਕੌਰ ਵੀ ਮੌਜੂਦ ਸਨ। ਰੰਜਨ ਅਗਰਵਾਲ 1990 ਤੋਂ ਅੰਮ੍ਰਿਤਸਰ ਦੀ ਸਿਆਸਤ ਵਿੱਚ ਸਰਗਰਮ ਹਨ। ਉਹ ਅੰਮ੍ਰਿਤਸਰ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਤੋਂ ਇਲਾਵਾ ਨਗਰ ਨਿਗਮ ਵਿੱਚ ਵੀ ਕਈ ਵਾਰ ਕੌਂਸਲਰ ਰਹਿ ਚੁੱਕੇ ਹਨ। ਬੁਲਾਰੇ ਨੇ ਦਸਿਆ ਕਿ ਅੱਜ ਗੁਰਦਾਸਪੁਰ ਵਿੱਚ ਵੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਕਈ ਆਗੂ ਆਪਣੇ ਸਮਰਥਕਾਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਗਏ। ਕਾਂਗਰਸੀ ਕੌਂਸਲਰ ਗੌਰਵ ਵਢੇਰਾ, ਭਾਜਪਾ ਆਗੂ ਬਖ਼ਸ਼ੀਸ਼ ਸਿੰਘ ਅਤੇ ਅਕਾਲੀ ਦਲ ਦੇ ਆਗੂ ਪਰਵਿੰਦਰ ਸਿੰਘ ਘਾਨੀਆ ‘ਆਪ’ ’ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੋਆਬੇ ਵਿੱਚ ਸੇਵਾਮੁਕਤ ਡੀ.ਟੀ.ਸੀ ਪਰਮਜੀਤ ਸਿੰਘ ‘ਆਪ’ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਸਰਕਾਰ ਦੇ ਦੋ ਸਾਲਾਂ ਦੇ ਕੰਮਾਂ ਤੋਂ ਸੰਤੁਸ਼ਟ ਹਨ, ਜਿਸ ਨੇ ਪੰਜਾਬ ਦੇ ਹਰ ਖੇਤਰ ਅਤੇ ਹਰ ਵਰਗ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਾਂਗ ਆਮ ਆਦਮੀ ਪਾਰਟੀ ਇਸ ਲੋਕ ਸਭਾ ਚੋਣ ਵਿੱਚ ਵੀ ਇਤਿਹਾਸਕ ਜਿੱਤ ਦਰਜ ਕਰੇਗੀ।