ਪੱਤਰ ਪ੍ਰੇਰਕ
ਤਰਨ ਤਾਰਨ, 28 ਅਗਸਤ
ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਕਾਮਰੇਡ ਹਨਨ ਮੁੱਲਾ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਦੇਸ਼ ਦੇ ਸੰਵਿਧਾਨਿਕ, ਆਰਥਿਕ, ਸਮਾਜਿਕ, ਭਾਈਚਾਰਕ ਢਾਂਚੇ ਲਈ ਮਾਰੂ ਕਰਾਰ ਦਿੰਦਿਆਂ ਲੋਕਾਂ ਨੂੰ ਜਾਗਰੂਕ ਹੋਣ ’ਤੇ ਜ਼ੋਰ ਦਿੱਤਾ| ਉਹ ਇਥੇ ਕੁੱਲ ਹਿੰਦ ਕਿਸਾਨ ਸਭਾ ਦੇ ਸ਼ੁਰੂ ਹੋਏ 40ਵੇਂ ਦੋ ਰੋਜ਼ਾ ਸੂਬਾ ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਨ ਆਏ ਸਨ| ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਵਜੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਮੁੱਲਾ ਨੇ ਕਿਹਾ ਕਿ ਮੋਰਚੇ ਦੀ ਚਾਰ ਸਤੰਬਰ ਨੂੰ ਕੀਤੀ ਜਾਣ ਵਾਲੀ ਮੀਟਿੰਗ ਵਿੱਚ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਮੌਕੇ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੇਖੋਂ ਨੇ ਕੇਂਦਰ ਸਰਕਾਰ ਵਲੋਂ ਸਰਹੱਦ ਦਾ 50 ਕਿਲੋਮੀਟਰ ਤੱਕ ਦਾ ਇਲਾਕਾ ਬੀਐੱਸਐੱਫ ਹਵਾਲੇ ਕਰਨ ਅਤੇ ਪੰਜਾਬ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਲਾਂਭੇ ਕੀਤੇ ਜਾਣ ਲਈ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਅਤੇ ਸਰਹੱਦੀ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਨਬਿੇੜਾ ਕਰਨ ’ਤੇ ਜ਼ੋਰ ਦਿੱਤਾ| ਇਸ ਮੌਕੇ ਕਿਸਾਨ ਸਭਾ ਦੇ ਕੌਮੀ ਪ੍ਰਧਾਨ ਅਸ਼ੋਕ ਧਾਵਲੇ, ਸੁੱਚਾ ਸਿੰਘ ਅਜਨਾਲਾ, ਸੂਬਾ ਪ੍ਰਧਾਨ ਗੁਰਚੇਤਨ ਬਾਸੀ, ਸੂਬਾ ਜਨਰਲ ਸਕੱਤਰ ਮੇਜਰ ਸਿੰਘ ਪੁੰਨਾਵਾਲ ਨੇ ਸੰਬੋਧਨ ਕੀਤਾ|