ਸਰਬਜੀਤ ਸਾਗਰ
ਦੀਨਾਨਗਰ, 10 ਜੁਲਾਈ
ਦੀਨਾਨਗਰ ਪੁਲੀਸ ਵੱਲੋਂ ਪਿੰਡ ਤਲਵੰਡੀ ਦੇ ਕਾਂਗਰਸੀ ਸਰਪੰਚ ਖ਼ਿਲਾਫ਼ ਪੰਚਾਇਤੀ ਜ਼ਮੀਨ ਦੀ ਬੋਲੀ ’ਚ ਵਿਘਣ ਪਾਉਣ ਤੇ ਸਰਕਾਰੀ ਕਰਮਚਾਰੀਆਂ ਨਾਲ ਬਦਸਲੂਕੀ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਇਹ ਕੇਸ ਦੀਨਾਨਗਰ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸੁਰੇਸ਼ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਹੋਇਆ ਹੈ। ਪੁਲੀਸ ਨੇ ਸਰਪੰਚ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਧਰ, ਸਰਪੰਚ ਖ਼ਿਲਾਫ਼ ਪੁਲੀਸ ਵੱਲੋਂ ਕੀਤੇ ਫ਼ੌਰੀ ਐਕਸ਼ਨ ਦੇ ਵਿਰੋਧ ’ਚ ਪਿੰਡ ਦੀਆਂ ਵੱਡੀ ਗਿਣਤੀ ’ਚ ਔਰਤਾਂ ਤੇ ਮਰਦਾਂ ਨੇ ਅੱਜ ਥਾਣੇ ਦਾ ਘਿਰਾਓ ਕਰਕੇ ਪੁਲੀਸ ਤੇ ਬੀਡੀਪੀਓ ਦੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਥਾਣੇ ਅੱਗੇ ਧਰਨਾ ਲਾਈ ਬੈਠੇ ਪਿੰਡ ਵਾਸੀਆਂ ਨੇ ਬੀਡੀਪੀਓ ਵੱਲੋਂ ਸਰਪੰਚ ’ਤੇ ਲਾਏ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਕਿ ਜ਼ਮੀਨ ਦੀ ਬੋਲੀ ਦੌਰਾਨ ਸਰਪੰਚ ਵੱਲੋਂ ਕੁਝ ਵੀ ਗ਼ਲਤ ਨਹੀਂ ਕੀਤਾ ਗਿਆ ਪਰ ਕਾਂਗਰਸੀ ਸਰਪੰਚ ਹੋਣ ਕਾਰਨ ਉਸਨੂੰ ਖ਼ਮਿਆਜ਼ਾ ਭੁਗਤਣਾ ਪਿਆ ਹੈ। ਇਸ ਦੌਰਾਨ ਧਰਨਾਕਾਰੀਆਂ ਵੱਲੋਂ ਬੀਡੀਪੀਓ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੰਘਰਸ਼ ਨੂੰ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ। ਦੂਜੇ ਪਾਸੇ ਐੱਸਐੱਚਓ ਕਪਿਲ ਕੌਸ਼ਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਹ ਕਾਰਵਾਈ ਬੀਡੀਪੀਓ ਦੀ ਸ਼ਿਕਾਇਤ ’ਤੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਅਨੁਸਾਰ ਬੀਡੀਪੀਓ 8 ਜੁਲਾਈ ਨੂੰ ਪਿੰਡ ਤਲਵੰਡੀ ਦੀ 5 ਏਕੜ 5 ਕਨਾਲ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਸਟਾਫ਼ ਸਣੇ ਗਏ ਸੀ। ਜਿੱਥੇ ਸਰਪੰਚ ਸਰਜੀਵਨ ਕੁਮਾਰ ਨੇ ਸ਼ਰਾਰਤੀ ਅਨਸਰਾਂ ਸਣੇ ਬੋਲੀ ਦੇ ਮਾਹੌਲ ਨੂੰ ਖ਼ਰਾਬ ਕਰਕੇ ਸਰਕਾਰੀ ਕੰਮ ’ਚ ਵਿਘਣ ਪਾਇਆ ਤੇ ਪਿੰਡ ਦੇ ਲੋਕਾਂ ਨੂੰ ਉਕਸਾ ਕੇ ਨਾਅਰੇਬਾਜ਼ੀ ਕਰਵਾ ਦਿੱਤੀ ਤੇ ਬੀਡੀਪੀਓ ਦੀ ਬਦਲੀ ਕਰਵਾਉਣ ਦੀ ਧਮਕੀ ਦਿੱਤੀ। ਐੱਸਐੱਚਓ ਨੇ ਦੱਸਿਆ ਕਿ ਇਸ ਘਟਨਾ ਤੋਂ ਇਲਾਵਾ ਸਰਪੰਚ ਵੱਲੋਂ ਬੀਡੀਪੀਓ ਦਫ਼ਤਰ ਦੇ ਪੰਚਾਇਤ ਸਕੱਤਰ ਕਮਲਜੀਤ ਸਿੰਘ ਦੇ ਮੋਬਾਈਲ ਫ਼ੋਨ ’ਤੇ ਗੱਲਬਾਤ ਕਰਦਿਆਂ ਬੀਡੀਪੀਓ ਸੁਰੇਸ਼ ਕੁਮਾਰ ਨੂੰ ਗਾਲਾਂ ਕੱਢੀਆਂ, ਜਿਸਦੀ ਰਿਕਾਰਡਿੰਗ ਪੈਨ ਡਰਾਈਵ ਸਮੇਤ ਸ਼ਿਕਾਇਤ ਦੇ ਨਾਲ ਨੱਥੀ ਕੀਤੀ ਗਈ ਹੈ।
ਭੁਲੇਖੇ ਨਾਲ ਥਾਣੇ ਗਏ ਸਰਪੰਚ ਨੂੰ ਪੁਲੀਸ ਨੇ ਕੀਤਾ ਗ੍ਰਿਫ਼ਤਾਰ
ਜਾਣਕਾਰੀ ਅਨੁਸਾਰ ਸਰਪੰਚ ਸਰਜੀਵਨ ਕੁਮਾਰ ਅੱਜ ਸਵੇਰੇ ਜਦੋਂ ਕਿਸੇ ਕੰਮ ਲਈ ਥਾਣੇ ਪਹੁੰਚੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਉਸ ਵੇਲੇ ਤੱਕ ਸਰਪੰਚ ਆਪਣੇ ਖ਼ਿਲਾਫ਼ ਦਰਜ ਹੋਏ ਪਰਚੇ ਤੋਂ ਅਣਜਾਨ ਸੀ। ਉਸਨੂੰ ਇਹ ਯਕੀਨ ਹੀ ਨਹੀਂ ਸੀ ਕਿ ਬੀਡੀਪੀਓ ਉਸਦੇ ਖ਼ਿਲਾਫ਼ ਕਿਸੇ ਤਰ੍ਹਾਂ ਦੀ ਸ਼ਿਕਾਇਤ ਕਰਕੇ ਕਾਰਵਾਈ ਕਰਵਾਉਣ ਦਾ ਇਰਾਦਾ ਰੱਖਦੇ ਹਨ। ਸਰਪੰਚ ਦਾ ਪੱਖ ਜਾਣਨ ਲਈ ਉਸ ਤੱਕ ਪਹੁੰਚ ਕੀਤੀ ਗਈ ਪਰ ਪੁਲੀਸ ਨੇ ਮੀਡੀਆ ਨੂੰ ਸਰਪੰਚ ਦੇ ਨੇੜੇ ਨਹੀਂ ਜਾਣ ਦਿੱਤਾ।