ਪੱਤਰ ਪ੍ਰੇਰਕ
ਪੱਟੀ, 13 ਸਤੰਬਰ
ਕੱਲ੍ਹ ਇੱਕ ਸ਼ਰਾਬੀ ਕਾਰ ਚਾਲਕ ਵੱਲੋਂ ਸਥਾਨਕ ਸ਼ਹਿਰ ਦੇ ਵੇਰਕਾ ਚੌਕ ਅੰਦਰ ਬੱਸ ਉਡੀਕ ‘ਚ ਖੜੀ ਇੱਕ ਔਰਤ ’ਤੇ ਕਾਰ ਝੜਾ ਦਿੱਤੀ ਗਈ ਸੀ ਜਿਸ ਨੂੰ ਕੋਲ ਖੜੇ ਰਾਹਗੀਰਾਂ ਵੱਲੋਂ ਕਾਰ ਹੇਠੋਂ ਕੱਢ ਕਿ ਸਿਵਲ ਹਸਪਤਾਲ ਪੱਟੀ ਅੰਦਰ ਇਲਾਜ਼ ਲਈ ਲਿਜਾਇਆ ਗਿਆ। ਹਾਦਸੇ ’ਚ ਜ਼ਖ਼ਮੀ ਹੋਈ ਔਰਤ ਅਮ੍ਰਿਤਸਰ ਦੇ ਕਸਬਾ ਵੇਰਕਾ ਤੋਂ ਪੱਟੀ ਸ਼ਹਿਰ ਦੇ ਕਿਸੇ ਨਿਜੀ ਹਸਪਤਾਲ ਅੰਦਰੋਂ ਦਵਾਈ ਲੈਣ ਆਈ ਸੀ । ਇਸ ਔਰਤ ਤੇ ਕਾਰ ਚੜ੍ਹਾਉਣ ਵਾਲਾ ਸ਼ਰਾਬੀ ਕਾਰ ਚਾਲਕ ਤੇ ਉਸਦਾ ਸਾਥੀ ਪੁਲੀਸ ਮੁਲਾਜ਼ਮ ਹਨ ਤੇ ਪੁਲੀਸ ਲਾਈਨ ਤਰਨ ਤਾਰਨ ਵਿੱਚ ਤਾਇਨਾਤ ਹਨ। ਇਸ ਘਟਨਾ ਦੇ ਜਾਂਚ ਅਧਿਕਾਰੀ ਥਾਣੇਦਾਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਪੁਲੀਸ ਮੁਲਾਜ਼ਮ ਦਾ ਸਿਵਲ ਹਸਪਤਾਲ ਪੱਟੀ ਤੋਂ ਮੁਆਇਨਾ ਕਰਵਾ ਕੇ ਬਣਦੀ ਰਿਪੋਰਟ ਵਿਭਾਗ ਨੂੰ ਭੇਜ ਦਿੱਤੀ ਗਈ ਹੈ ਪਰ ਸ਼ਿਕਾਇਤਕਰਤਾ ਧਿਰ ਰਮਨ ਕੌਰ ਪਤਨੀ ਮਨਜੀਤ ਸਿੰਘ ਵਾਸੀ ਵੇਰਕਾ ਵੱਲੋਂ ਪੁਲੀਸ ਨੂੰ ਲਿਖਤੀ ਰਾਜ਼ੀਨਾਮਾ ਦੇ ਕੇ ਕਾਰਵਾਈ ਕਰਨ ਤੋਂ ਰੋਕ ਦਿੱਤਾ ਗਿਆ ਹੈ।