ਪੱਤਰ ਪ੍ਰੇਰਕ
ਪਠਾਨਕੋਟ, 20 ਜੁਲਾਈ
ਭਾਰਤੀ ਫੌਜ ਪਠਾਨਕੋਟ ਦੇ 21 ਸਬ-ਏਰੀਆ ਮਿਲਟਰੀ ਸਟੇਸ਼ਨ ਵਿੱਚ ਵਣ ਮਹਾਉਤਸਵ ਮਨਾਉਣ ਲਈ ਅੱਜ ਤੋਂ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਵਣ ਮਹਾਉਤਸਵ ਦਾ ਨਾਂ ਆਪਰੇਸ਼ਨ ਗਰੀਨ ਰੱਖਿਆ ਗਿਆ। ਇਸ ਦੀ ਸ਼ੁਰੂਆਤ ਸਮੇਂ ਸਬ-ਏਰੀਆ ਕਮਾਂਡਰ ਸੰਦੀਪ ਐੱਸ ਸ਼ਾਰਦਾ, ਡਿਪਟੀ ਕਮਿਸ਼ਨਰ ਹਰਬੀਰ ਸਿੰਘ, ਐੱਸਐੱਸਪੀ ਅਰੁਣ ਸੈਣੀ, ਕਰਨਲ ਜੇਐਸ ਰਾਠੌਰ, ਫੌਜ ਅਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਪਰਿਵਾਰਾਂ ਸਮੇਤ ਭੜੋਲੀ ਮੈਦਾਨ ਵਿੱਚ ਪੁੱਜੇ ਅਤੇ ਪੌਦੇ ਲਗਾਏ।
ਇਸ ਮੌਕੇ ਜੁੜੇ ਪਰਿਵਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬ੍ਰਿਗੇਡੀਅਰ ਸੰਦੀਪ ਐੱਸ ਸ਼ਾਰਦਾ ਨੇ ਕਿਹਾ ਕਿ ਵਾਤਾਵਰਨ ਦੇ ਵਿਗੜ ਰਹੇ ਸੰਤੁਲਨ ਨੂੰ ਕਾਇਮ ਕਰਨ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣਗੇ ਚਾਹੀਦੇ ਹਨ। ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਕਿਹਾ ਕਿ ਅੱਜ ਫੌਜੀ ਅਧਿਕਾਰੀਆਂ ਅਤੇ ਪਰਿਵਾਰਾਂ ਨੇ ਵਣ ਮਹਾਉਤਸਵ ਦੀ ਜੋ ਪਹਿਲ ਕੀਤੀ ਹੈ, ਇਹ ਇੱਕ ਵਧੀਆ ਕਦਮ ਹੈ। ਪਠਾਨਕੋਟ ਪ੍ਰਸ਼ਾਸਨ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ 15 ਜੁਲਾਈ ਤੋਂ ਸ਼ੁਰੂ ਕੀਤੀ ਸੀ ਅਤੇ ਇਹ 31 ਜੁਲਾਈ ਤੱਕ ਚੱਲੇਗੀ।