ਐਨਪੀ ਧਵਨ
ਪਠਾਨਕੋਟ, 25 ਸਤੰਬਰ
ਸਰਕਾਰ ਬਣਨ ਬਾਅਦ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਅੱਜ ਪਲੇਠੀ ਵਾਰ ਇੱਥੇ ਨਗਰ ਨਿਗਮ ਦਫਤਰ ਪਹੁੰਚੇ। ਇਸ ਮੌਕੇ ਮੇਅਰ ਪੰਨਾ ਲਾਲ ਭਾਟੀਆ, ਡੀਸੀ ਹਰਬੀਰ ਸਿੰਘ, ਚੇਅਰਮੈਨ ਪੀਟੀਡੀਸੀ ਵਿਭੂਤੀ ਸ਼ਰਮਾ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰੋਹਿਤ ਸਿਆਲ, ਨਗਰ ਸੁਧਾਰ ਟਰੱਸਟ ਦੇ ਠਾਕੁਰ ਮਨੋਜ ਸਿੰਘ ਹਾਜ਼ਰ ਸਨ। ਮੰਤਰੀ ਨੇ ਮਹਾਰਾਜਾ ਰਣਜੀਤ ਸਿੰਘ ਲਾਇਬਰੇਰੀ ਦੀ ਕਾਇਆਕਲਪ ਕਰਨ ਲਈ 30 ਲੱਖ ਰੁਪਏ ਦੀ ਗਰਾਂਟ ਦਿੱਤੀ। ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਸ਼ਹਿਰ ਦਾ ਵਿਕਾਸ ਬਿਨਾਂ ਕਿਸੇ ਪੱਖਪਾਤ ਤੋਂ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਵੱਲੋਂ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਪਠਾਨਕੋਟ ਨੂੰ ਜ਼ਿਲ੍ਹਾ ਬਣੇ ਨੂੰ ਕਾਫੀ ਸਾਲ ਹੋ ਗਏ ਹਨ ਪਰ ਸਰਕਟ ਹਾਊਸ ਦੀ ਬਹੁਤ ਘਾਟ ਸੀ। ਇਸ ਲਈ 8 ਕਰੋੜ ਰੁਪਏ ਮਨਜ਼ੂਰ ਹੋ ਗਏ ਹਨ ਅਤੇ ਇਸ ਦੀ ਉਸਾਰੀ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਿਗਮ ਦੀ ਮਹਾਰਾਜਾ ਰਣਜੀਤ ਸਿੰਘ ਨਾਂ ਦੀ ਇਤਿਹਾਸਕ ਲਾਇਬਰੇਰੀ ਦੀ ਇਮਾਰਤ ਕਾਫੀ ਖਸਤਾ ਹਾਲਤ ਵਿੱਚ ਸੀ ਅਤੇ ਕਿਤਾਬਾਂ ਵੀ ਪੁਰਾਣੀਆਂ ਹੀ ਹਨ। ਇਸ ਕਰਕੇ ਇਸ ਦੀ ਕਾਇਆਕਲਪ ਕਰਕੇ ਇਸ ਨੂੰ ਆਧੁਨਿਕ ਬਣਾਇਆ ਜਾਵੇਗਾ। ਮੇਅਰ ਪੰਨਾ ਲਾਲ ਭਾਟੀਆ ਨੇ ਮੰਤਰੀ ਦਾ ਸ਼ਹਿਰ ਦੇ ਵਿਕਾਸ ਲਈ ਫੰਡ ਮੁਹੱਈਆ ਕਰਵਾਉਣ ’ਤੇ ਧੰਨਵਾਦ ਕੀਤਾ।