ਪੱਤਰ ਪ੍ਰੇਰਕ
ਧਾਰੀਵਾਲ, 26 ਫਰਵਰੀ
ਭਾਰਤੀ ਹਵਾਈ ਸੈਨਾ ਦੇ ਤਿੰਨ ਪੰਜਾਬ ਏਅਰ ਸਕੂਐਡਰਨ ਐੱਨ.ਸੀ.ਸੀ. ਪਟਿਆਲਾ ਦੇ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਚੀਮਾ (ਪਾਇਲਟ) ਦੀ ਦੂਜੀ ਬਰਸੀ ’ਤੇ ਸ਼ਰਧਾਂਜਲੀ ਸਮਾਗਮ ਪਿੰਡ ਆਲੋਵਾਲ ਵਿੱਚ ਕਰਵਾਇਆ ਗਿਆ। ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ਼ਹੀਦ ਦੀ ਮਾਤਾ ਸਰਬਜੀਤ ਕੌਰ, ਪਤਨੀ ਨਵਨੀਤ ਕੌਰ, ਪੁੱਤਰ ਭਵਗੁਰਨੀਤ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਕੁੰਵਰ ਵਿੱਕੀ ਨੇ ਕਿਹਾ ਕਿ ਸ਼ਹੀਦ ਦੇ ਅੰਤਿਮ ਸਮਾਗਮ ਮੌਕੇ ਸਿਆਸੀ ਨੁਮਾਇੰਦਿਆਂ ਨੇ ਪਿੰਡ ਵਿੱਚ ਸ਼ਹੀਦ ਦੀ ਯਾਦ ’ਚ ਯਾਦਗਾਰੀ ਗੇਟ, ਸਟੇਡੀਅਮ ਬਣਾਉਣ ਅਤੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਂ ਵੀ ਸ਼ਹੀਦ ਦੇ ਨਾਮ ’ਤੇ ਰੱਖਣ ਦਾ ਐਲਾਨ ਕੀਤਾ ਸੀ ਪਰ ਦੋ ਸਾਲ ਬੀਤ ਜਾਣ ’ਤੇ ਅਜੇ ਤੱਕ ਵਾਅਦੇ ਪੂਰੇ ਨਾ ਹੋਣਾ ਫੌਜੀ ਜਵਾਨ ਦੀ ਸ਼ਹਾਦਤ ਦਾ ਅਪਮਾਨ ਹੈ।