ਕੇ. ਪੀ. ਸਿੰਘ
ਗੁਰਦਾਸਪੁਰ, 27 ਜੂਨ
ਇੱਥੇ ਸਥਿਤ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ’ਚ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਨਾਲ ਕੀਤੇ ਜਾ ਰਹੇ ਕਥਿਤ ਜਾਤੀ ਵਿਤਕਰੇ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਪੁੱਜ ਗਿਆ ਹੈ। ਗੁਰਦਾਸਪੁਰ ਦੇ ਰੈਸਟ ਹਾਊਸ ਵਿੱਚ ’ਵਰਸਿਟੀ ਦੇ ਮੁਲਾਜ਼ਮਾਂ ਦੇ ਵਫ਼ਦ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪ੍ਰੋ. ਰਣਜੀਤ ਸਿੰਘ, ਵਿਕਰਮਜੀਤ, ਸਹਾਇਕ ਪ੍ਰੌ. ਮਨਵੀਰ ਕੌਰ, ਸਹਾਇਕ ਪ੍ਰੋ. ਸੰਜੀਵ ਕੁਮਾਰ ਅਤੇ ਬਲਵੰਤ ਸਿੰਘ ਨੇ ਡਾ. ਸਿਆਲਕਾ ਨੂੰ ਸ਼ਿਕਾਇਤ ਸੌਂਪਦੇ ਹੋਏ ਕਿਹਾ ਕਿ ’ਵਰਸਿਟੀ ਵਿੱਚ ਅਧਿਆਪਨ ਅਤੇ ਹੋਰ ਖੇਤਰਾਂ ’ਚ ਨਾਮਣਾ ਖੱਟਣ ਵਾਲੇ ਦਲਿਤ ਮੁਲਾਜ਼ਮਾਂ ਦੇ ਨਾਲ ਕਥਿਤ ਤੌਰ ’ਤੇ ਵਿਤਕਰਾ ਕੀਤਾ ਜਾਂਦਾ ਹੈ। ਮੁਲਾਜ਼ਮਾਂ ਨੇ ਰੋਸ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਸੀਨੀਆਰਿਟੀ ਅਤੇ ਵਿਭਾਗੀ ਪ੍ਰਮੋਸ਼ਨ ਨੂੰ ਕਥਿਤ ਤੌਰ ’ਤੇ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਫ਼ੰਡਾਂ ਨੂੰ ਲੈ ਕੇ ਹੋਏ ਕਥਿਤ ਬਹੁ-ਕਰੋੜੀ ਘਪਲੇ ਦੀ ਜਾਂਚ ਲਈ ਉਹ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਤਸਦੀਕਸ਼ੁਦਾ ਹਲਫ਼ੀਆ ਬਿਆਨ ਦੇਣ ਲਈ ਵੀ ਤਿਆਰ ਹਨ। ਟੈਕਨੀਕਲ ਗ੍ਰੇਡ-2 ਵਿਕਰਮਜੀਤ ਨੇ ਕਿਹਾ ਕਿ ਉਸ ਨੇ ਫ਼ੰਡਾਂ ਦੀ ਕਥਿਤ ਦੁਰਵਰਤੋਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਹੈ ਜਿਸ ਦਾ ਖ਼ਮਿਆਜ਼ਾ ਉਸ ਨੂੰ ਭੁਗਤਣਾ ਪਿਆ ਹੈ।
ਕਮਿਸ਼ਨ ਨੇ 15 ਅਗਸਤ ਤੱਕ ਡੀਜੀਪੀ ਤੋਂ ਰਿਪੋਰਟ ਮੰਗੀ
ਪੰਜਾਬ ਰਾਜ ਐੱਸਸੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਵਫ਼ਦ ਤੋਂ ਸ਼ਿਕਾਇਤ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਵਰਸਿਟੀ ’ਚ ਜਾਤੀ ਵਿਤਕਰੇ ਨੂੰ ਲੈ ਕੇ ਮਿਲੀਆਂ ਸ਼ਿਕਾਇਤਾਂ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਨੇ ਕਿਹਾ ਕਿ ਮਾਮਲਾ ਗੰਭੀਰ ਅਤੇ ਅਪਰਾਧ ਨਾਲ ਸਬੰਧਿਤ ਹੋਣ ਕਰਕੇ ਐੱਸਸੀ ਕਮਿਸ਼ਨ ਨੇ ਡੀਜੀਪੀ ਪੰਜਾਬ ਤੋਂ 15 ਅਗਸਤ ਤੱਕ ਸਟੇਟਸ ਰਿਪੋਰਟ ਮੰਗੀ ਹੈ। ਕਮਿਸ਼ਨ ਦੇ ਮੈਂਬਰ ਨੇ ਦੱਸਿਆ ਕਿ ਡੀਜੀਪੀ ਨੂੰ ਲਿਖਿਆ ਗਿਆ ਹੈ ਕਿ ਸਰਦਾਰ ਬੇਅੰਤ ਸਿੰਘ ਸਟੇਟ ਵਰਸਿਟੀ ਗੁਰਦਾਸਪੁਰ ’ਚ ਹੋ ਰਹੇ ਕਥਿਤ ਜਾਤੀ ਵਿਤਕਰੇ ਅਤੇ ਬਹੁ-ਕਰੋੜੀ ਘਪਲੇ ਦੀ ਜਾਂਚ ਲਈ ਸਪੈਸ਼ਲ ਕ੍ਰਾਈਮ ਬਰਾਂਚ, ਵਿਜੀਲੈਂਸ ਅਤੇ ਤਕਨੀਕੀ ਵਿੱਦਿਅਕ ਮਾਹਿਰਾਂ ’ਤੇ ਆਧਾਰਿਤ ਪੜਤਾਲੀਆ ਕਮੇਟੀ ਬਣਾ ਕੇ ਪਾਰਦਰਸ਼ੀ ਤਰੀਕੇ ਨਾਲ ਜਾਂਚ ਕਰਵਾਕੇ ਰਿਪੋਰਟ 15 ਅਗਸਤ 2021 ਤੱਕ ਪੇਸ਼ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।