ਨਿੱਜੀ ਪੱਤਰ ਪ੍ਰੇਰਕ
ਬਟਾਲਾ, 31 ਜਨਵਰੀ
ਚੋਣ ਅਮਲੇ ਅਤੇ ਸਿਹਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਬਟਾਲਾ ਸ਼ਹਿਰ ਦੇ ਇੱਕ ਘਰ, ਜਿਸ ਵਿੱਚ ਜਾਣ ਲਈ ਇਕੋ-ਇੱਕ ਰਸਤਾ ਲੱਕੜ ਦੀ ਪੌੜੀ ਸੀ, ਰਾਹੀਂ ਉਥੇ ਪਹੁੰਚ ਕੇ ਉਸ ਪਰਿਵਾਰ ਨੂੰ ਕੋਵਿਡ ਵੈਕਸੀਨ ਲਗਾਈ ਗਈ। ਨਹਿਰੂ ਗੇਟ ਲਾਗੇ ਰਚਨਾ ਦੇ ਮੁਹੱਲੇ ਵਿੱਚ ਵਿਨੋਦ ਕੁਮਾਰ ਦਾ ਘਰ ਹੈ ਤੇ ਇਹ ਘਰ ਮਕਾਨ ਦੀ ਉਪਰਲੀ ਮੰਜ਼ਿਲ ’ਤੇ ਸਥਿਤ ਹੈ। ਇਸ ਘਰ ’ਚ ਜਾਣ ਲਈ ਇੱਕੋ-ਇੱਕ ਰਸਤਾ ਗਲੀ ’ਚ ਲੱਗੀ ਲੱਕੜ ਦੀ ਪੌੜੀ ਹੈ। ਜਦੋਂ ਸੈਕਟਰ ਅਫ਼ਸਰ ਜਸਬੀਰ ਸਿੰਘ, ਬੀ.ਐੱਲ.ਓ. ਸੁਨੀਲ ਕੁਮਰ ਤੇ ਏ.ਐੱਨ.ਐੱਮ. ਆਸ਼ਾ ਰਾਣੀ ਨੂੰ ਪਤਾ ਲੱਗਾ ਕਿ ਮਕਾਨ ਦੀ ਉਪਰਲੀ ਮੰਜ਼ਿਲ ’ਚ ਰਹਿ ਰਹੇ ਇੱਕ ਪਰਿਵਾਰ ਨੂੰ ਅਜੇ ਤੱਕ ਵੈਕਸੀਨ ਨਹੀਂ ਲੱਗੀ ਤਾਂ ਇਹ ਟੀਮ ਲੱਕੜ ਦੀ ਪੌੜੀ ਨਾਲ ਉਸ ਮਕਾਨ ’ਚ ਪਹੁੰਚੀ। ਮਕਾਨ ਮਾਲਕ ਵਿਨੋਦ ਕੁਮਾਰ ਤੇ ਉਸਦੀ ਪਤਨੀ ਸ਼ੀਤਲ (ਜਿਸਦਾ ਚਾਰ ਮਹੀਨੇ ਦਾ ਬੱਚਾ ਸੀ) ਨੂੰ ਇਸ ਟੀਮ ਵੱਲੋਂ ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਬਾਅਦ ਵਿਨੋਦ ਕੁਮਾਰ ਤੇ ਸ਼ੀਤਲ ਦੋਵਾਂ ਨੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ।
ਜ਼ਿਲ੍ਹਾ ਚੋਣ ਅਧਿਕਾਰੀ ਜਨਾਬ ਮੁਹੰਮਦ ਇਸ਼ਫ਼ਾਕ ਤੇ ਐੱਸ.ਡੀ.ਐੱਮ. ਬਟਾਲਾ ਸ੍ਰੀ ਰਾਮ ਸਿੰਘ ਨੂੰ ਜਦੋਂ ਵੈਕਸੀਨੇਸ਼ਨ ਟੀਮ ਦੀ ਇਸ ਕਾਰਗੁਜ਼ਾਰੀ ਦਾ ਪਤਾ ਲੱਗਾ ਤਾਂ ਇਨ੍ਹਾਂ ਨੇ ਟੀਮ ਦੇ ਮੈਂਬਰਾਂ ਨੂੰ ਸ਼ਾਬਾਸ਼ ਦਿੱਤੀ। ਐੱਸ.ਡੀ.ਐੱਮ. ਰਾਮ ਸਿੰਘ ਨੇ ਸੈਕਟਰ ਅਫ਼ਸਰ ਜਸਬੀਰ ਸਿੰਘ, ਬੀ.ਐੱਲ.ਓ. ਸੁਨੀਲ ਕੁਮਰ ਨੂੰ ਆਪਣੇ ਦਫ਼ਤਰ ਬੁਲਾ ਕੇ ਜਿੱਥੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਉਥੇ ਇਨ੍ਹਾਂ ਦੋਵਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਆ।