ਪੱਤਰ ਪ੍ਰੇਰਕ
ਪਠਾਨਕੋਟ, 9 ਅਗਸਤ
ਇੱਥੋਂ ਦੇ ਮਿਲਟਰੀ ਹਸਪਤਾਲ ਵਿੱਚ ਫਰਜ਼ੀ ਮੇਜਰ ਬਣ ਕੇ ਮੁਰੰਮਤ ਦੇ ਕੰਮ ਦਾ ਜਾਇਜ਼ਾ ਲੈਣ ਆਏ ਇੱਕ ਵਿਅਕਤੀ ਨੂੰ ਲੰਘੇ ਕੱਲ੍ਹ ਕਾਬੂ ਕੀਤਾ ਗਿਆ। ਪੁਲੀਸ ਨੇ ਇਸ ਵਿਅਕਤੀ ਕੋਲੋਂ ਆਰਮੀ ਅਫਸਰ ਦੇ ਨਾਂ ’ਤੇ ਜਾਅਲੀ ਪਛਾਣ ਪੱਤਰ ਵੀ ਬਰਾਮਦ ਕੀਤਾ ਜਿਸ ’ਤੇ ਫੌਜੀ ਅਧਿਕਾਰੀ ਦੀ ਵਰਦੀ ’ਚ ਫੋਟੋ ਦੇ ਨਾਲ ਉਸ ਦਾ ਨਾਂ ਮੇਜਰ ਰਾਜੇਸ਼ ਨਰਹੋਤਰਾ ਲਿਖਿਆ ਹੋਇਆ ਹੈ। ਉਸ ਕੋਲੋਂ ਮਿਲੇ ਅਸਲੀ ਆਧਾਰ ਕਾਰਡ ਤੋਂ ਉਸ ਦੀ ਪਛਾਣ ਰਾਜੇਸ਼ ਕੁਮਾਰ ਨਰਹੋਤਰਾ ਵਾਸੀ ਵਿਕਾਸਪੁਰੀ ਦਿੱਲੀ ਵਜੋਂ ਹੋਈ। ਫਰਜ਼ੀ ਸ਼ਨਾਖਤੀ ਕਾਰਡ ਮਿਲਣ ਨਾਲ ਸੂਹੀਆ ਏਜੰਸੀਆਂ ਨੇ ਤੁਰੰਤ ਉਸ ਕੋਲੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਡਮਟਾਲ ਥਾਣੇ ਵਿੱਚ ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਨੂਰਪੁਰ ਅਦਾਲਤ ਵਿੱਚ ਪੇਸ਼ ਕਰ ਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਟੌਲ ਟੈਕਸ ਬਚਾਉਣ ਲਈ ਆਰਮੀ ਦੇ ਮੇਜਰ ਵਜੋਂ ਜਾਅਲੀ ਸ਼ਨਾਖਤੀ ਕਾਰਡ ਬਣਵਾਇਆ ਹੋਇਆ ਸੀ। ਮੁਲਜ਼ਮ ਇਲੈਕਟ੍ਰੀਕਲ ਇੰਜਨੀਅਰ ਸੀ। ਮਿਲਟਰੀ ਹਸਪਤਾਲ ਵਿੱਚ ਉਹ ਮੁਰੰਮਤ ਦਾ ਕੰਮ ਲੈਣ ਲਈ ਜਗ੍ਹਾ ਦੇਖਣ ਆਇਆ ਸੀ। ਇੱਥੇ ਉਸ ਨੇ ਆਪਣੀ ਸਹੀ ਪਛਾਣ ਦੱਸਣ ਦੀ ਜਗ੍ਹਾ ਖੁਦ ਨੂੰ ਮੇਜਰ ਦੱਸਿਆ ਅਤੇ ਫਰਜ਼ੀ ਪਛਾਣ ਪੱਤਰ ਦਿਖਾਇਆ। ਸੈਨਾ ਨੂੰ ਉਸ ਦੇ ਪਛਾਣ ਪੱਤਰ ’ਤੇ ਸ਼ੱਕ ਹੋਇਆ। ਜਦ ਉਸ ਦੀ ਵੈਰਫੀਕੇਸ਼ਨ ਕਰਵਾਈ ਤਾਂ ਪਛਾਣ ਪੱਤਰ ਫਰਜ਼ੀ ਨਿਕਲਿਆ। ਇਸ ’ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।