ਐੱਨਪੀ ਧਵਨ
ਪਠਾਨਕੋਟ, 22 ਜੂਨ
ਦੁਕਾਨਦਾਰ ਵੱਲੋਂ ਖੁੱਲ੍ਹੇ ਪੈਸੇ ਨਾ ਹੋਣ ਦੇ ਚਲਦੇ ਗਾਹਕ ਨੂੰ 3 ਰੁਪਏ ਦੇ ਬਦਲੇ ਟਾਫੀਆਂ ਦੇ ਦਿੱਤੀਆਂ ਤਾਂ ਗਾਹਕ ਨੇ ਗੁੱਸੇ ਵਿੱਚ ਆ ਕੇ ਦੁਕਾਨਦਾਰ ਦੇ ਸਿਰ ਵਿੱਚ ਪੱਥਰ ਮਾਰ ਕੇ ਉਸ ਨੂੰ ਲਹੂਲੁਹਾਨ ਕਰ ਦਿੱਤਾ। ਥਾਣਾ ਡਵੀਜ਼ਨ ਨੰਬਰ-2 ਦੀ ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ। ਪੀੜਤ ਕਰਿਆਨਾ ਦੁਕਾਨਦਾਰ ਹਰੀਸ਼ ਨੇ ਦੱਸਿਆ ਕਿ ਇੱਕ ਗਾਹਕ ਉਸ ਕੋਲ ਆਇਆ ਅਤੇ 10 ਰੁਪਏ ਦਾ ਨੋਟ ਦੇ ਕੇ ਉਸ ਨੇ 7 ਰੁਪਏ ਵਾਲੀ ਸਿਗਰਟ ਲਈ। ਉਸ ਨੇ ਕਿਹਾ ਕਿ ਉਸ ਕੋਲ 3 ਰੁਪਏ ਖੁੱਲ੍ਹੇ ਨਹੀਂ ਹਨ ਅਤੇ ਇਸ ਦੇ ਬਦਲੇ ਟਾਫੀਆਂ ਦੇ ਦਿੱਤੀਆਂ। ਗਾਹਕ ਹਰਵਿੰਦਰ ਸਿੰਘ ਨੇ ਇਸ ’ਤੇ ਗੁੱਸਾ ਕੀਤਾ ਅਤੇ ਪੱਥਰ ਚੁੱਕ ਕੇ ਉਸ ਦੇ ਸਿਰ ਵਿੱਚ ਮਾਰ ਦਿੱਤਾ। ਦੂਸਰੇ ਪਾਸੇ ਗਾਹਕ ਹਰਵਿੰਦਰ ਸਿੰਘ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਜਦੋਂ ਉਸ ਨੇ ਬਕਾਏ ਦੇ ਰੂਪ ਵਿੱਚ ਟਾਫੀਆਂ ਲੈਣ ਤੋਂ ਮਨ੍ਹਾ ਕਰ ਦਿੱਤਾ ਤਾਂ ਦੁਕਾਨਦਾਰ ਨੇ ਉਸ ਨੂੰ ਭਿਖਾਰੀ ਕਹਿ ਕੇ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਵੀ ਦੁਕਾਨਦਾਰ ਖ਼ਿਲਾਫ ਸ਼ਿਕਾਇਤ ਕੀਤੀ ਹੈ।
ਜਾਂਚ ਮਗਰੋਂ ਕੀਤੀ ਜਾਵੇਗੀ ਕਾਰਵਾਈ: ਪੁਲੀਸ
ਥਾਣਾ ਮੁਖੀ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਦੋਹਾਂ ਧਿਰਾਂ ਦੀ ਸ਼ਿਕਾਇਤ ਉਨ੍ਹਾਂ ਕੋਲ ਆਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।