ਪੱਤਰ ਪ੍ਰੇਰਕ
ਤਰਨ ਤਾਰਨ, 21 ਅਗਸਤ
ਜ਼ਿਲ੍ਹੇ ’ਚ ਹਾਕਮ ਧਿਰ ਤੇ ਜ਼ਿਲ੍ਹਾ ਪੁਲੀਸ ਵਿਚਾਲੇ ਅੰਦਰਗਤੀ ਚੱਲਦੀ ਆ ਰਹੀ ਅੰਦਰੂਨੀ ਖਿਚੋਤਾਣ ਸਾਹਮਣੇ ਆ ਚੁੱਕੀ ਹੈ| ਇਸ ਸਰਹੱਦੀ ਜ਼ਿਲ੍ਹੇ ਦੀਆਂ ਚਾਰੋਂ ਵਿਧਾਨ ਸਭਾ ਸੀਟਾਂ ’ਤੇ ‘ਆਪ’ ਕਾਬਜ਼ ਹੋਈ ਹੈ। ਹਲਕਾ ਪੱਟੀ ਦੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਤਾਂ ਕੈਬਨਿਟ ਮੰਤਰੀ ਹਨ ਜਦੋਂਕਿ ਤਰਨ ਤਾਰਨ ਤੋਂ ਡਾ. ਕਸ਼ਮੀਰ ਸਿੰਘ ਸੋਹਲ, ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ ਤੇ ਖੇਮਕਰਨ ਤੋਂ ਸਰਵਣ ਸਿੰਘ ਧੁੰਨ ਵਿਧਾਇਕ ਹਨ| ਚਾਰੋਂ ਵਿਧਾਇਕ ਹੀ ਆਪਣੇ ਆਪ ਨੂੰ ਰਾਜਨੀਤੀ ਦੇ ਚੰਗੇ ਖਿਡਾਰੀ ਸਮਝਦੇ ਹਨ| ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ ਵਿਧਾਇਕਾਂ ਨੇ ਜ਼ਿਲ੍ਹੇ ਦੇ ਇਕ ਸੀਨੀਅਰ ਪੁਲੀਸ ਅਧਿਕਾਰੀ ਨੂੰ ਬਦਲਣ ਲਈ ਸਰਕਾਰ ਤੱਕ ਪਹੁੰਚ ਕੀਤੀ ਸੀ ਪਰ ਸਰਕਾਰ ਵੱਲੋਂ ਅਧਿਕਾਰੀ ਦਾ ਪੱਖ ਸੁਣਨ ਮਗਰੋਂ ਅਧਿਕਾਰੀ ਦਾ ਪੱਖ ਮਜਬੂਤ ਸਮਝਦਿਆਂ ਉਸ ਨੂੰ ਤਬਦੀਲ ਨਹੀਂ ਕੀਤਾ| ਅਧਿਕਾਰੀ ਨੇ ਖੁਦ ਦੇ ਕੰਮ ਨੂੰ ਗੈਰ-ਤਸੱਲੀਬਖਸ਼ ਹੋਣ ’ਤੇ ਉਸ ਨੂੰ ਇਥੋਂ ਤਬਦੀਲ ਕਰ ਦੇਣ ਦਾ ਵੀ ਸਰਕਾਰ ਨੂੰ ਸੁਝਾਅ ਦਿੱਤਾ ਸੀ| ਇਸ ਤੋਂ ਚਿੜ ਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕੱਲ੍ਹ ਸ਼ਨਿਚਰਵਾਰ ਨੂੰ ਇਕ ਇੰਟਰਵਿਊ ’ਚ ਮਨ ਦੀ ਭੜਾਸ ਕੱਢਦਿਆਂ ਕਿਹਾ ਕਿ ਜਿਹੜਾ ਅਧਿਕਾਰੀ ਕੰਮ ਕਰਨ ਤੋਂ ਅਸਮਰਥ ਹੈ ਉਹ ਕਿਧਰੇ ਬਦਲੀ ਕਰਵਾ ਕੇ ਜਾ ਸਕਦਾ ਹੈ| ਵਿਧਾਇਕ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਐੱਸਐੱਸਪੀ ਕੋਲੋਂ ਨਸ਼ਿਆਂ ਖ਼ਿਲਾਫ਼ ਜਿੰਨੀ ਸਖਤੀ ਦੀ ਉਮੀਦ ਕੀਤੀ ਜਾਂਦੀ ਸੀ ਉਹ ਨਹੀਂ ਕਰ ਸਕਿਆ| ਵਿਧਾਇਕ ਨੇ ਦੋਸ਼ ਲਾਇਆ ਕਿ ਕਈ ਪੁਲੀਸ ਵਾਲੇ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਨੂੰ ਪੁਲੀਸ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਖੁਦ ਹੀ ਜਾਣਕਾਰੀ ਦੇ ਰਹੇ ਹਨ| ਡਾ. ਸੋਹਲ ਸਿਹਤ ਵਿਭਾਗ ’ਚ ਡਾਕਟਰ ਹੁੰਦਿਆਂ ਸੂਬਾ ਭਰ ਦੇ ਡਾਕਟਰਾਂ ਦੇ ਆਗੂ ਰਹੇ ਹਨ ਤੇ ਉਹ ਕਈ ਸਮਾਜਿਕ ਸੰਸਥਾਵਾਂ ਨਾਲ ਸੰਪਰਕ ਰੱਖਨ ਤੋਂ ਇਲਾਵ ਅਸਿੱਧੇ ਤੌਰ ਤੇ ਰਾਜਨੀਤਕ ਸਰਗਰਮੀਆਂ ਵੀ ਚਲਾਉਂਦੇ ਰਹੇ ਹਨ| ਡਾ. ਸੋਹਲ ਨੇ ਅਜੇ ਸ਼ੁੱਕਰਵਾਰ ਨੂੰ ਪ੍ਰੈਸ ਬਿਆਨ ਰਾਹੀਂ ਜ਼ਿਲ੍ਹੇ ’ਚ ਨਸ਼ਿਆਂ ਦੇ ਕਾਰੋਬਾਰ ਨਾਲ ਨਿਪਟਣ ’ਚ ਪੁਲੀਸ ਦੀ ਕਾਰਗੁਜ਼ਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ| ਮਨਜਿੰਦਰ ਸਿੰਘ ਲਾਲਪੁਰਾ ਤਾਂ ‘ਆਪ’ ਦੇ ਨੌਜਵਾਨ ਵਿੰਗ ਦੇ ਸੂਬਾ ਪ੍ਰਧਾਨ ਰਹੇ ਹਨ| ਜ਼ਿਲ੍ਹੇ ’ਚ ਅਨੁਮਾਨ ਅਨੁਸਾਰ ਬੀਤੇ ਪੰਜ ਮਹੀਨਿਆਂ ’ਚ ਨਸ਼ਿਆਂ ਨਾਲ 10 ਤੋਂ ਵੱਧ ਮੌਤਾਂ ਮੀਡੀਆ ਦੀਆਂ ਸੁਰਖੀਆਂ ਬਣ ਚੁੱਕੀਆਂ ਹਨ| ਨਸ਼ਿਆਂ ਦੀ ਵਿਕਰੀ ਆਦਿ ਦੇ ਵੱਧ ਹੋਣ ਦੀਆਂ ਖਬਰਾਂ ਦੀ ਪੁਸ਼ਟੀ ਸਰਕਾਰੀ ਤੌਰ ’ਤੇ ਇਕੱਤਰ ਕਰਨ ਵਾਲੀਆਂ ਏਜੰਸੀਆਂ ਕਰ ਚੁੱਕੀਆਂ ਹਨ| ਇਥੋਂ ਤੱਕ ਕਿ ਪੁਲੀਸ ਮੁਲਾਜ਼ਮਾਂ ਦੇ ਕਰਵਾਏ ਗਏ ਡੋਪ ਟੈਸਟ ’ਚ ਵੀ ਪੰਜ ਤੋਂ ਵਧੇਰੇ ਟੈਸਟ ਪਾਜ਼ੇਟਿਵ ਹੋਣ ’ਤੇ ਉਨ੍ਹਾਂ ਨੂੰ ਘਰਾਂ ਨੂੰ ਭੇਜ ਦਿੱਤਾ ਗਿਆ ਹੈ| ਚਾਰ ਦਿਨ ਪਹਿਲਾਂ ਵਾਤਾਵਰਨ ਪ੍ਰੇਮੀ ਗੁਰਮੀਤ ਸਿੰਘ ਝਬਾਲ ਵੱਲੋਂ ਖੁਦ ਨੂੰ ਲਾਈਵ ਕਰਕੇ ਤਿਆਰ ਕੀਤੀ ਵੀਡੀਓ ਨੇ ਤਾਂ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਨੌਜਵਾਨ ਨਸ਼ਿਆਂ ਦੇ ਇਥੋਂ ਤੱਕ ਆਦੀ ਹੋ ਚੁੱਕੇ ਹਨ ਕਿ ਉਹ ਨਸ਼ੇ ਦੇ ਸਰੂਰ ਲਈ ਗੁਪਤ ਅੰਗ ’ਤੇ ਨਸ਼ਾ ਲਗਾਉਂਦੇ ਹਨ| ਜ਼ਿਲ੍ਹੇ ਦੇ ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਤਿੰਨ ਮਹੀਨੇ ਪਹਿਲਾਂ ਗੈਰ-ਕਾਨੂੰਨੀ ਮਾਈਨਿੰਗ ਕਰਵਾਉਣ ਲਈ ਆਪਣੇ ਹਮਾਇਤੀ ਨੂੰ ਛੱਡ ਦੇਣ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ ਸੀ|
ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਵੈਸੇ ਕਿਸੇ ਰਾਜਸੀ ਤਕਰਾਰ ’ਚ ਉਲਝਨਾ ਨਹੀਂ ਚਾਹੁੰਦੇ ਪਰ ਉਨ੍ਹਾਂ ਦਾਅਵਾ ਕੀਤਾ ਕਿ ਸੀਨੀਅਰ ਪੁਲੀਸ ਅਧਿਕਾਰੀ ਜ਼ਿਲ੍ਹਾ ਪੁਲੀਸ ਦੇ ਕੰਮ ਤੋਂ ਸੰਤੁਸ਼ਟ ਹਨ|