ਪੱਤਰ ਪ੍ਰੇਰਕ
ਪਠਾਨਕੋਟ, 26 ਅਗਸਤ
ਇੱਥੋਂ ਦੇ ਮੁਹੱਲਾ ਅਰਜੁਨ ਨਗਰ ਵਿੱਚ ਗਰਭਵਤੀ ਔਰਤ ਦੀ ਉਸ ਦੇ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਥਾਣੇ ਪੁੱਜ ਗਿਆ ਹੈ। ਹਾਲਤ ਗੰਭੀਰ ਹੋਣ ’ਤੇ ਔਰਤ ਨੂੰ ਸਿਵਲ ਹਸਪਤਾਲ ਪਠਾਨਕੋਟ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ।
ਪੀੜਤ ਖੁਸ਼ਬੂ ਦੀ ਮਾਂ ਵੀਨਾ ਦੇਵੀ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਉਸ ਦੀ ਬੇਟੀ ਖੁਸ਼ਬੂ ਦਾ ਵਿਆਹ ਪਠਾਨਕੋਟ ਵਿੱਚ ਹੋਇਆ ਸੀ। ਵਿਆਹ ਦੇ ਬਾਅਦ ਕੁਝ ਦੇਰ ਤੱਕ ਤਾਂ ਠੀਕ ਚਲਦਾ ਰਿਹਾ ਪਰ ਉਸ ਦੇ ਬਾਅਦ ਸਹੁਰੇ ਪਰਿਵਾਰ ਵਾਲੇ ਉਸ ਦੀ ਬੇਟੀ ਨੂੰ ਘੱਟ ਦਾਜ ਲਿਆਉਣ ਕਾਰਨ ਤਾਹਨੇ-ਮਿਹਨੇ ਮਾਰਨ ਲੱਗ ਪਏ ਅਤੇ ਪ੍ਰੇਸ਼ਾਨ ਕਰਨ ਲੱਗੇ। ਇਸ ਦੌਰਾਨ ਉਸ ਦੀ ਲੜਕੀ ਗਰਭਵਤੀ ਹੋ ਗਈ ਅਤੇ ਸਹੁਰਿਆਂ ਦੇ ਨਿੱਤ ਰੋਜ਼ ਦੇ ਤਾਹਨਿਆਂ ਤੋਂ ਤੰਗ ਆ ਕੇ ਉਹ ਆਪਣੀ ਲੜਕੀ ਨੂੰ ਆਪਣੇ ਕੋਲ ਪਿੰਡ ਲੈ ਗਏ। ਉਸ ਨੇ ਆਪਣੀ ਬੇਟੀ ਦਾ 3 ਮਹੀਨੇ ਤੱਕ ਖੁਦ ਆਪਣੇ ਖਰਚੇ ’ਤੇ ਇਲਾਜ ਕਰਵਾਇਆ। ਥਾਣੇ ਵਿੱਚ ਸ਼ਿਕਾਇਤ ਕਰਨ ’ਤੇ ਦੋਹਾਂ ਧਿਰਾਂ ਦਾ ਸਮਝੌਤਾ ਹੋ ਗਿਆ। ਅਜੇ ਇੱਕ ਹਫਤਾ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਬੇਟੀ ਨੂੰ ਸਹੁਰੇ ਘਰ ਵਾਪਸ ਭੇਜਿਆ ਸੀ ਪਰ ਸਹੁਰੇ ਪਰਿਵਾਰ ਵਾਲੇ ਮੁੜ ਉਸ ਦੀ ਲੜਕੀ ਨੂੰ ਤੰਗ ਕਰਨ ਲੱਗ ਪਏ। ਅੱਜ ਸਵੇਰੇ ਉਸ ਦੀ ਬੇਟੀ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਉਹ ਰਾਜਪਰੂਰਾ ਤੋਂ ਪਠਾਨਕੋਟ ਬੇਟੀ ਦੇ ਸਹੁਰੇ ਘਰ ਵਿੱਚ ਪੁੱਜੀ ਤਾਂ ਉੱਥੇ ਉਸ ਦੇ ਸਾਹਮਣੇ ਉਸ ਦੀ ਗਰਭਵਤੀ ਬੇਟੀ ਦੀ ਕੁੱਟਮਾਰ ਕੀਤੀ ਗਈ। ਮਾਂ ਦਾ ਕਹਿਣਾ ਸੀ ਕਿ ਜਦੋਂ ਉਹ ਛੁਡਵਾਉਣ ਲੱਗੀ ਤਾਂ ਉਸ ਨਾਲ ਵੀ ਧੱਕਾ-ਮੁੱਕੀ ਕੀਤੀ ਗਈ। ਉਸ ਨੇ ਲੜਕੀ ਦਾ ਮੈਡੀਕਲ ਕਰਵਾ ਕੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕਰ ਦਿੱਤੀ ਹੈ।