ਗੁਰਬਖਸ਼ਪੁਰੀ
ਤਰਨ ਤਾਰਨ, 20 ਅਪਰੈਲ
ਇਸ ਸਰਹੱਦੀ ਜ਼ਿਲ੍ਹੇ ਅੰਦਰ ਨਹਿਰੀ (ਪਾਣੀ) ਸਿਸਟਮ ਇਕ ਤਰ੍ਹਾਂ ਨਾਲ ਆਪਣੇ ਆਖਰੀ ਸਾਹਾਂ ’ਤੇ ਹੀ ਚਲ ਰਿਹਾ ਹੈ| ਇਸ ਜ਼ਿਲ੍ਹੇ ਦਾ 40% ਤੋਂ ਵੀ ਵਧੇਰੇ ਕਿਸਾਨ ਅੱਜ ਵੀ ਪੂਰੀ ਤਰ੍ਹਾਂ ਨਹਿਰੀ ਪਾਣੀ ’ਤੇ ਨਿਰਭਰ ਹੈ| ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਖਾਰਾ ਮਾਝਾ ਕਰਕੇ ਜਾਣੇ ਜਾਂਦੇ ਹਰੀਕੇ, ਖੇਮਕਰਨ, ਭਿੱਖੀਵਿੰਡ, ਖਾਲੜਾ ਆਦਿ ਇਲਾਕੇ ਦੀ ਫਸਲ ਲਈ ਤਾਂ ਨਹਿਰੀ ਪਾਣੀ ਹੋਰ ਵੀ ਜ਼ਰੂਰੀ ਹੈ| ਖਾਰਾ ਮਾਝਾ ਦੇ ਜ਼ਮੀਨ ਹੇਠਲਾ ਪਾਣੀ ਖਾਰਾ ਹੋਣ ਕਰਕੇ ਇਥੋਂ ਦੀ ਫਸਲ ਨੂੰ ਨਹਿਰੀ ਪਾਣੀ ਹੀ ਸਿੰਜ ਸਕਦਾ ਹੈ| ਇਲਾਕੇ ਦੇ ਪਿੰਡ ਵੇਈਂਪੂਈਂ, ਲਾਲਪੁਰਾ, ਵਰਾਣਾ, ਢੋਟੀਆਂ, ਡੁੱਗਰੀ, ਰੱਖਸ਼ੇਰੋਂ, ਉਸਮਾਂ, ਸ਼ੇਰੋਂ, ਚੰਬਲ ਆਦਿ ਪਿੰਡਾਂ ਦੇ ਕਿਸਾਨਾਂ ਨੇ ਪਿਛਲੇ 20 ਦੇ ਕਰੀਬ ਸਾਲਾਂ ਤੋਂ ਆਪਣੇ ਖੇਤਾਂ ਤੱਕ ਨਹਿਰੀ ਪਾਣੀ ਪੁੱਜਦਾ ਨਹੀਂ ਦੇਖਿਆ| ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਉਸਮਾਂ ਮਾਈਨਰ ਤੋਂ ਨਹਿਰੀ ਪਾਣੀ ਮਿਲਣਾ ਹੈ| 20 ਸਾਲ ਪਹਿਲਾਂ ਇਲਾਕੇ ਅੰਦਰ ਨਹਿਰੀ ਪਾਣੀ ਤਾਂ ਆਉਂਦਾ ਸੀ ਪਰ ਖਾਲ ਭਰ ਕੇ ਨਾ ਆਉਣ ਦਾ ਮਾਮਲਾ ਉਨ੍ਹਾਂ ਸਰਕਾਰਾਂ ਤੱਕ ਪਹੁੰਚਾਇਆ| ਸੂਬਾ ਸਰਕਾਰ ਨੇ ਨਹਿਰੀ ਸਿਸਟਮ ਦੇ ਰੀ-ਮਾਡਲਿੰਗ ਕਰਨ ਦੇ ਨਾਂ ’ਤੇ ਕਰੋੜਾਂ ਰੁਪਏ ਖਰਚ ਕੇ ਉਸਮਾਂ ਮਾਈਨਰ ਨੂੰ ਕਿਸਾਨਾਂ ਦੇ ਖੇਤਾਂ ਤੋਂ ਨੀਵਾਂ ਕਰ ਦਿੱਤਾ ਜਿਸ ਨਾਲ ਕਿਸਾਨ ਪਹਿਲਾਂ ਮਿਲਦੀ ਸਹੂਲਤ ਤੋਂ ਵੀ ਵਾਂਝਾ ਹੋ ਗਿਆ| ਰੱਖ ਸ਼ੇਰੋਂ ਦੇ ਕਿਸਾਨ ਰਾਜਬੀਰ ਸਿੰਘ, ਮਨਜਿੰਦਰ ਸਿੰਘ, ਉਸਮਾਂ ਦੇ ਕਿਸਾਨ ਨੰਬਰਦਾਰ ਅਵਤਾਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਇਲਾਕੇ ਦੇ ਵਿਧਾਇਕਾਂ, ਲੋਕ ਸਭਾ ਮੈਂਬਰਾਂ ਆਦਿ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਕਈ ਵਾਰ ਆਪਣੀ ਆਵਾਜ਼ ਪਹੁੰਚਾਈ ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਪਿੰਡਾਂ ਦੇ ਕਿਸਾਨਾਂ ਦੱਸਿਆ ਕਿ ਉਸਮਾਂ ਮਾਈਨਰ ਉਨ੍ਹਾਂ ਦੇ ਖੇਤਾਂ ਤੋਂ ਦੋ ਤੋਂ ਲੈ ਕੇ ਢਾਈ ਫੁੱਟ ਤੱਕ ਨੀਵਾਂ ਹੈ ਅਤੇ ਇਸ ਨਾਲ ਉਨ੍ਹਾਂ ਦੇ ਖੇਤਾਂ ਤੱਕ ਪਾਣੀ ਦੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ| ਉਨ੍ਹਾਂ ਕਿਹਾ ਕਿ ਕੁਝ ਇਕ ਥਾਵਾਂ ’ਤੇ ਕਿਸਾਨਾਂ ਵਲੋਂ ਮਾਈਨਰ ਵਿੱਚ ਵੱਡੇ ਵੱਡੇ ਪੱਥਰ ਸੁੱਟ ਤੇ ਠੋਕਰਾਂ ਨਾਲ ਪਾਣੀ ਆਪਣੇ ਖੇਤਾਂ ਤੱਕ ਲੈ ਕੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਸ ਨਾਲ ਕਈ ਵਾਰ ਆਪਸ ਵਿੱਚ ਤਕਰਾਰ ਹੋ ਜਾਂਦੇ ਹਨ|
ਇਸ ਮਾਮਲੇ ਬਾਰੇ ਨਹਿਰੀ ਮੰਡਲ ਰਈਆ ਦੇ ਐੱਸਡੀਓ ਨੇ ਕਿਸਾਨਾਂ ਦੀ ਇਸ ਗੰਭੀਰ ਸਮੱਸਿਆ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਇਸ ਮਾਈਨਰ ਦੇ ਟੇਲ ਤਕ ਪਾਣੀ ਜਾ ਰਿਹਾ ਹੈ| ਇਸ ਪੱਤਰਕਾਰ ਦੇ ਮੌਕੇ ’ਤੇ ਹੋਣ ’ਤੇ ਇਕ ਵਾਰ ਤਾਂ ਅਧਿਕਾਰੀ ਨੇ ਕਿਹਾ ਕਿ ਉਹ ਆਪਣਾ ਕਰਮਚਾਰੀ ਮੌਕੇ ’ਤੇ ਭੇਜ ਰਹੇ ਹਨ ਪਰ ਛੇਤੀ ਬਾਅਦ ਹੀ ਇਸ ਤੋਂ ਵੀ ਇਨਕਾਰ ਕਰ ਦਿੱਤਾ| ਅਧਿਕਾਰੀ ਵਲੋਂ ਹਦਾਇਤ ਕਰਨ ’ਤੇ ਵਿਭਾਗ ਦੇ ਮੁਲਾਜ਼ਮ ਗੁਲਜ਼ਾਰ ਸਿੰਘ ਨੇ ਕਿਹਾ ਕਿ ਮਈ ਦੇ ਮਹੀਨੇ ਇਲਾਕੇ ਦੇ ਮਾਈਨਰ ਤੇ ਖਾਲਾਂ ਆਦਿ ਦੀ ਖਲਾਈ ਕਰ ਕੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪੁੱਜਦਾ ਕੀਤਾ ਜਾਵੇਗਾ|