ਐੱਨ.ਪੀ. ਧਵਨ
ਪਠਾਨਕੋਟ, 24 ਅਗਸਤ
ਓਲਡ ਸ਼ਾਹਪੁਰ ਰੋਡ ਨੂੰ ਜੁਗਿਆਲ ਰੋਡ ਨਾਲ ਜੋੜਨ ਵਾਲੇ ਮਾਰਗ ’ਤੇ ਖੱਡ ਵਿੱਚ ਬਣੀ ਹੋਈ ਪੁਲੀ ਬਰਸਾਤ ਦੇ ਪਾਣੀ ਵਿੱਚ ਰੁੜ੍ਹ ਜਾਣ ਨਾਲ ਇਲਾਕੇ ਦੇ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ ਜਿਸ ਕਾਰਨ ਊਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੋਕਾਂ ਨੇ ਦੱਸਿਆ ਕਿ ਖੱਡੀ ਖੱਡ ਵਿੱਚ ਹੜ੍ਹ ਦਾ ਪਾਣੀ ਆਉਣ ਨਾਲ ਇਹ ਪੁਲੀ ਹਰ ਸਾਲ ਪ੍ਰਭਾਵਿਤ ਹੋ ਜਾਂਦੀ ਹੈ। ਜਦੋਂ ਇਸ ਵਿੱਚੋਂ ਹੜ੍ਹ ਦਾ ਪਾਣੀ ਲੰਘਦਾ ਹੈ ਤਾਂ ਇਹ ਪੂਰਾ ਰਸਤਾ ਪਾਣੀ ਵਿੱਚ ਡੁੱਬ ਜਾਂਦਾ ਹੈ। ਜਿੱਥੋਂ ਪੁਲੀ ਪਹਿਲਾਂ ਹੀ ਨੁਕਸਾਨੀ ਹੋਈ ਹੁੰਦੀ ਹੈ ਉੱਥੇ ਹਰ ਸਾਲ ਕੋਈ ਨਾ ਕੋਈ ਵਾਹਨ ਪਾਣੀ ਵਿੱਚ ਫੱਸ ਜਾਂਦਾ ਹੈ ਤੇ ਰੁੜ੍ਹ ਜਾਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਨੂੰ ਬਾਅਦ ਵਿੱਚ ਪੱਥਰ ਵਗੈਰ੍ਹਾ ਚਿਣ ਕੇ ਮੁੜ ਪੂਰ ਦਿੱਤਾ ਜਾਂਦਾ ਹੈ ਪਰ ਇਸ ਦਾ ਅਜੇ ਤੱਕ ਕੋਈ ਵੀ ਪੱਕਾ ਹੱਲ ਨਹੀਂ ਕੱਢਿਆ ਗਿਆ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਸੈਣੀ, ਸਮਾਜ ਸੇਵਕ ਸੁਰਿੰਦਰ ਬੀਰਾ ਅਤੇ ਮਿਸ਼ਨ ਮੋਦੀ ਅਗੇਨ ਦੇ ਜ਼ਿਲ੍ਹਾ ਪ੍ਰਧਾਨ ਦੀਪ ਮਹਿਰਾ ਨੇ ਕਿਹਾ ਕਿ ਉਕਤ ਮਾਰਗ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਸ ਮਾਰਗ ’ਤੇ ਅੱਗੇ ਜਾ ਕੇ ਪਠਾਨਕੋਟ ਦਾ ਸਟੇਡੀਅਮ ਹੈ, ਜਿੱਥੇ ਅਕਸਰ ਸਾਰੇ ਸਰਕਾਰੀ ਸਮਾਗਮ ਹੁੰਦੇ ਹਨ ਅਤੇ ਕਈ ਵੱਡੇ ਅਧਿਕਾਰੀ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਦਾ ਕੌਮੀ ਝੰਡਾ ਲਹਿਰਾਉਣ ਲਈ ਇੱਥੇ ਆਉਂਦੇ ਹਨ। ਇਸ ਤੋਂ ਇਲਾਵਾ ਜੀਐੱਨਡੀਯੂ ਕਾਲਜ ਨੂੰ ਜਾਣ ਲਈ ਵੀ ਇਹ ਪ੍ਰਮੁੱਖ ਮਾਰਗ ਹੈ ਜਿਥੋਂ ਵਿਦਿਆਰਥੀ ਲੰਘ ਕੇ ਜਾਂਦੇ ਹਨ। ਆਗੂਆਂ ਨੇ ਮੰਗ ਕੀਤੀ ਕਿ ਇਸ ਪੁਲੀ ਨੂੰ ਆਰਸੀਸੀ ਨਾਲ ਪੱਕਾ ਬਣਾਇਆ ਜਾਵੇ।