ਪੱਤਰ ਪ੍ਰੇਰਕ
ਕਾਹਨੂੰਵਾਨ, 5 ਮਾਰਚ
ਦਰਿਆ ਬਿਆਸ ਕੰਢੇ ਵੱਸਦੇ ਪਿੰਡ ਨੂੰਨ ਦੀ ਡਰੇਨ ਨੇੜਿਓਂ ਪਿੰਡ ਫੇਰੋਚੇਚੀ ਦੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਇਕੱਤਰ ਜਾਣਕਾਰੀ ਅਨੁਸਾਰ ਤਰਨਪ੍ਰੀਤ ਸਿੰਘ (18) ਪੁੱਤਰ ਸੁਖਵਿੰਦਰ ਸਿੰਘ ਤਿੰਨ ਮਾਰਚ ਨੂੰ ਆਪਣੇ ਦੋਸਤਾਂ ਨਾਲ ਚੋਹਲਾ ਸਾਹਿਬ ਦਾ ਮੇਲਾ ਦੇਖਣ ਲਈ ਗਿਆ ਸੀ ਪਰ ਮੁੜ ਘਰ ਨਹੀਂ ਪਰਤਿਆ। ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰ ਸਤਨਾਮ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਤਰਨਪ੍ਰੀਤ ਦੀ ਭਾਲ ਸ਼ੁਰੂ ਕੀਤੀ ਦਾ ਪਿੰਡ ਨੂੰਨ ਦੀ ਡਰੇਨ ਨੇੜੇ ਮਿੱਟੀ ਵਿੱਚ ਅੱਧੀ ਦੱਬੀ ਹੋਈ ਉਸ ਦੀ ਲਾਸ਼ ਮਿਲੀ। ਉਨ੍ਹਾਂ ਨੇ ਕਿਹਾ ਕਿ ਇਸ ਦੀ ਸੂਚਨਾ ਥਾਣਾ ਭੈਣੀ ਮੀਆਂ ਖਾਂ ਦੀ ਪੁਲੀਸ ਨੂੰ ਦਿੱਤੀ ਗਈ। ਥਾਣਾ ਮੁਖੀ ਇੰਸਪੈਕਟਰ ਸਮਸ਼ੇਰ ਸਿੰਘ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ। ਇਸ ਉਪਰੰਤ ਹਲਕੇ ਦੇ ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਮੌਕੇ ’ਤੇ ਪਹੁੰਚੇ। ਇਸ ਸਬੰਧੀ ਡੀਐੱਸਪੀ ਨੇ ਕਿਹਾ ਕਿ ਇਸ ਸਬੰਧੀ ਪੜਤਾਲ ਕੀਤੀ ਜਾਵੇਗੀ। ਪੁਲੀਸ ਪੜਤਾਲ ਕਰ ਕੇ ਹੀ ਇਸ ਮਾਮਲੇ ਬਾਰੇ ਕੋਈ ਖ਼ੁਲਾਸਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਹਲਕਾ ਡਿਊਟੀ ਅਫ਼ਸਰ ਨਾਇਬ ਤਹਿਸੀਲਦਾਰ ਮੌਕੇ ’ਤੇ ਪਹੁੰਚੇ ਰਹੇ ਹਨ ਉਨ੍ਹਾਂ ਦੀ ਹਾਜ਼ਰੀ ਵਿੱਚ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੁਲੀਸ ਪੋਸਟਮਾਰਟਮ ਲਈ ਭੇਜੇਗੀ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਕੀ ਹੋ ਸਕਦਾ ਹੈ ਉਸ ਦੇ ਸਾਥੀਆਂ ਨੇ ਹੀ ਉਸ ਦਾ ਕਤਲ ਕਰ ਕੇ ਲਾਸ਼ ਨੂੰ ਇੱਥੇ ਦਬਾਉਣ ਦਾ ਯਤਨ ਕੀਤਾ ਹੋਵੇ।