ਪੱਤਰ ਪ੍ਰੇਰਕ
ਪਠਾਨਕੋਟ, 29 ਅਗਸਤ
ਦੇਸ਼ ਭਰ ਵਿੱਚ ਕਲਾਸੀਕਲ ਸੰਗੀਤ, ਨ੍ਰਿਤ ਅਤੇ ਪੁਰਾਣੀ ਵਿਰਾਸਤ ਨੂੰ ਉਤਸ਼ਾਹਿਤ ਕਰਦੀ ਸੰਸਥਾ ਸਪਿਕ ਮੈਕੇ ਦੇ ਬਾਨੀ ਡਾ. ਕਿਰਨ ਸੇਠ (ਪਦਮਸ਼੍ਰੀ) ਵੱਲੋਂ ਸ੍ਰੀਨਗਰ ਤੋਂ ਕੰਨਿਆ ਕੁਮਾਰੀ ਤੱਕ ਸ਼ੁਰੂ ਕੀਤੀ ਗਈ ਸਾਈਕਲ ਯਾਤਰਾ ਅੱਜ ਪਠਾਨਕੋਟ ਪੁੱਜ ਗਈ। ਇਥੇ ਉਨ੍ਹਾਂ ਪ੍ਰਤਾਪ ਵਰਲਡ ਸਕੂਲ ਵਿੱਚ 25 ਸਕੂਲਾਂ, ਕਾਲਜਾਂ ਦੇ ਬੱਚਿਆਂ ਨੂੰ ਸਪਿਕ ਮੈਕੇ ਬਾਰੇ ਅਤੇ ਆਪਣੀ ਸਾਈਕਲ ਯਾਤਰਾ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸਪਿਕ ਮੈਕੇ ਦੇ ਜ਼ਿਲ੍ਹਾ ਕਨਵੀਨਰ ਡਾ. ਮਨੂ ਸ਼ਰਮਾ, ਸਕੂਲ ਦੀ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਵਿਸ਼ਾਲ ਮਹਾਜਨ ਤੇ ਸੰਨੀ ਮਹਾਜਨ, ਚੇਅਰਮੈਨ ਭਾਰਤ ਭੂਸ਼ਣ, ਪ੍ਰਿੰਸੀਪਲ ਸ਼ੁਭਰਾ ਰਾਣੀ ਅਤੇ ਕੋਚ ਭੁਪਿੰਦਰ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਨੇ ਆਪਣੀ ਸਾਈਕਲ ਯਾਤਰਾ ਬੱਚਿਆਂ ਨੂੰ ਵਾਤਾਵਰਨ, ਸਿਹਤ ਅਤੇ ਸੰਗੀਤ, ਵਿਰਸੇ ਤੋਂ ਜਾਣੂ ਕਰਵਾਉਣ ਲਈ 15 ਅਗਸਤ ਨੂੰ ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਤੋਂ ਸ਼ੁਰੂ ਕੀਤੀ ਹੈ। ਉਹ ਪਠਾਨਕੋਟ ਤੋਂ ਮੁਕੇਰੀਆਂ, ਜਲੰਧਰ, ਚੰਡੀਗੜ੍ਹ, ਸਹਾਰਨਪੁਰ, ਦੇਹਰਾਦੂਨ ਆਦਿ ਸਥਾਨਾਂ ਤੋਂ ਹੁੰਦੇ ਹੋਏ 31 ਦਸੰਬਰ ਨੂੰ ਕੰਨਿਆ ਕੁਮਾਰੀ ਪੁੱਜ ਕੇ ਯਾਤਰਾ ਸਮਾਪਤ ਕਰਨਗੇ। ਇਸ ਤਰ੍ਹਾਂ ਇਸ ਯਾਤਰਾ ਦੌਰਾਨ ਉਹ ਛੇ ਹਜ਼ਾਰ ਕਿਲੋਮੀਟਰ ਦਾ ਪੰਧ ਤੈਅ ਕਰਨਗੇ।