ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 15 ਜੁਲਾਈ
ਇੱਥੋਂ ਨਜ਼ਦੀਕੀ ਪਿੰਡ ਵਡਾਲਾ ਜੌਹਲ ਵਿੱਚ ਮਿਹਨਤ ਮਜ਼ਦੂਰੀ ਕਰਦੇ ਇਕ ਵਿਅਕਤੀ ਉੱਪਰ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਵਡਾਲਾ ਜੌਹਲ ਵਾਸੀ ਕੰਵਲਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਬਲਜੀਤ ਸਿੰਘ ਅਤੇ ਛੋਟੇ ਪੁੱਤਰ ਨਾਲ ਘਰ ਵਿੱਚ ਮੌਜੂਦ ਸੀ। ਉਸ ਦਾ ਵੱਡਾ ਪੁੱਤਰ ਕਿਸੇ ਕੰਮ ਲਈ ਪਿੰਡ ਵਿੱਚ ਗਿਆ ਹੋਇਆ ਸੀ।
ਇਸ ਦੌਰਾਨ ਉਸ ਨੇ ਦੇਖਿਆ ਕਿ ਘਰੋਂ ਤੋਂ ਥੋੜ੍ਹੀ ਦੂਰ ਹੀ ਗਲੀ ਵਿੱਚ ਕੁਝ ਨੌਜਵਾਨ ਜਤਿੰਦਰ ਸਿੰਘ ਉਰਫ ਗੱਗੂ, ਅਰਸ਼ਦੀਪ ਸਿੰਘ, ਅਰਵਿੰਦਰ ਸਿੰਘ, ਅਰਸ਼ਦੀਪ ਸਿੰਘ ਉਰਫ਼ ਰੋਹਿਤ ਵਾਸੀ ਵਡਾਲਾ ਜੌਹਲ ਉਸ ਦੇ ਪੁੱਤਰ ਨੂੰ ਘੇਰ ਕੇ ਗਾਲੀ ਗਲੋਚ ਕਰ ਰਹੇ ਸਨ। ਇਸ ਦੌਰਾਨ ਜਤਿੰਦਰ ਸਿੰਘ ਨੇ ਉਸ ਦੇ ਪੁੱਤਰ ਉੱਪਰ ਦਾਤਰ ਨਾਲ ਵਾਰ ਕਰ ਦਿੱਤਾ। ਇਸ ਦੌਰਾਨ ਬਚਾਅ ਕਰਦਿਆਂ ਉਹ ਆਪਣੇ ਪੁੱਤਰ ਨੂੰ ਖਿੱਚ ਕੇ ਆਪਣੇ ਘਰ ਵੱਲ ਦੌੜ ਗਈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਿੱਛੇ ਹੀ ਹਮਲਾਵਰ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਦਾ ਪਿੱਛਾ ਕਰਨ ਲੱਗੇ ਤੇ ਜਬਰੀ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਗਏ। ਉਨ੍ਹਾਂ ਨਾਲ ਸੁਖਵਿੰਦਰ ਕੌਰ ਵੀ ਘਰ ਵਿੱਚ ਦਾਖ਼ਲ ਹੋ ਗਈ ਤੇ ਸ਼ਿਕਾਇਤਕਰਤਾ ਦੇ ਪੁੱਤਰ ਦੀ ਕੁੱਟਮਾਰ ਕਰਨ ਲੱਗੇ। ਕੰਵਲਜੀਤ ਨੇ ਦੱਸਿਆ ਜਦੋਂ ਉਸ ਦਾ ਪਤੀ ਬਲਜੀਤ ਸਿੰਘ ਆਪਣੇ ਪੁੱਤਰ ਨੂੰ ਛੁਡਾਉਣ ਲੱਗਾ ਤਾਂ ਹਮਲਾਵਰਾਂ ਨੇ ਕਿਰਪਾਨਾਂ ਨਾਲ ਉਸ ਉੱਪਰ ਹਮਲਾ ਕਰ ਦਿੱਤਾ। ਉਸ ਦੀਆਂ ਬਾਹਵਾਂ ਅਤੇ ਲੱਤਾਂ ’ਤੇ ਸੱਟਾਂ ਲੱਗੀਆਂ। ਉਸ ਨੂੰ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲ ਮਾਨਾਂਵਾਲਾ ਵਿੱਚ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਇਸ ਸਬੰਧੀ ਚੌਕੀ ਇੰਚਾਰਜ ਗਹਿਰੀ ਮੰਡੀ ਏਐੱਸਆਈ ਰਾਜਬੀਰ ਸਿੰਘ ਨੇ ਦੱਸਿਆ ਜਤਿੰਦਰ ਸਿੰਘ, ਅਰਸ਼ਦੀਪ ਸਿੰਘ, ਅਰਵਿੰਦਰ ਸਿੰਘ, ਅਰਸ਼ਦੀਪ ਸਿੰਘ ਅਤੇ ਸੁਖਵਿੰਦਰ ਕੌਰ ਸਣੇ ਅੱਠ ਹਮਲਾਵਰਾਂ ਖ਼ਿਲਾਫ਼ ਥਾਣਾ ਜੰਡਿਆਲਾ ਗੁਰੂ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।