ਗੁਰਬਖਸ਼ਪੁਰੀ
ਤਰਨ ਤਾਰਨ, 27 ਜੁਲਾਈ
ਬੀਤੇ ਪੰਜ ਮਹੀਨਿਆਂ ਦੀਆਂ ਤਨਖ਼ਾਹਾਂ ਦਾ ਭੁਗਤਾਨ ਨਾ ਕੀਤੇ ਜਾਣ ਤੋਂ ਖਫਾ ਸਥਾਨਕ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਦੇ ਜਥੇਬੰਦਕ ਸੰਘਰਸ਼ ਅੱਗੇ ਝੁਕਦਿਆਂ ਪ੍ਰਸ਼ਾਸਨ ਨੇ ਅੱਜ ਉਨ੍ਹਾਂ ਨੂੰ ਦੋ ਮਹੀਨਿਆਂ ਦੀਆਂ ਤਨਖਾਹਾਂ ਦੇਣ ਦਾ ਭਰੋਸਾ ਦਿੱਤਾ ਜਿਸ ’ਤੇ ਸਫ਼ਾਈ ਸੇਵਕਾਂ ਨੇ ਆਪਣਾ ਸੰਘਰਸ਼ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ|
ਸਫ਼ਾਈ ਸੇਵਕਾਂ ਵੱਲੋਂ ਮੰਗਲਵਾਰ ਤੋਂ ਤਨਖਾਹਾਂ ਦਾ ਭੁਗਤਾਨ ਨਾ ਕੀਤੇ ਜਾਣ ਖਿਲਾਫ਼ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਗਿਆ ਸੀ| ਇਨ੍ਹਾਂ 133 ਸਫ਼ਾਈ ਸੇਵਕਾਂ ਨੇ ਅੱਜ ਵੀ ਨਗਰ ਕੌਂਸਲ ਦੇ ਕੰਪਲੈਕਸ ਅੰਦਰ ਧਰਨਾ ਦਿੱਤਾ| ਅੰਦੋਲਨਕਾਰੀਆਂ ਦੀਆਂ ਮੰਗਾਂ ਨੂੰ ਜਾਇਜ਼ ਮੰਨਦਿਆਂ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ (ਈ ਓ) ਧਰਮਪਾਲ ਸਿੰਘ ਨੇ ਧਰਨੇ ਵਾਲੀ ਥਾਂ ’ਤੇ ਪੁੱਜ ਕੇ ਇੱਕ ਮਹੀਨੇ ਦੀ ਤਨਖਾਹ ਭਲਕੇ ਵੀਰਵਾਰ ਅਤੇ ਇੱਕ ਹੋਰ ਮਹੀਨੇ ਦੀ ਤਨਖ਼ਾਹ ਅਗਲੇ ਦੋ ਦਿਨਾਂ ਵਿੱਚ ਦੇਣ ਦਾ ਵਿਸ਼ਵਾਸ ਦਿਵਾਇਆ|
ਉਨ੍ਹਾਂ ਬਾਕੀ ਮਹੀਨਿਆਂ ਦੀਆਂ ਰਹਿੰਦੀਆਂ ਤਨਖਾਹਾਂ ਛੇਤੀ ਦੇਣ ਦਾ ਵਿਸ਼ਵਾਸ ਦਿੱਤਾ|
ਇਸ ਮੌਕੇ ਸਫ਼ਾਈ ਸੇਵਕਾਂ ਦੇ ਆਗੂ ਧੀਰਾ, ਵਿਸ਼ਾਲ, ਰਿੰਕੀ, ਸੁਨੀਤਾ ਤੇ ਹੋਰਨਾਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਏ ਜਾਣ ਲਈ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇਣ ਅਤੇ ਈਪੀਐੱਫ਼ ਦੀ ਕਟੌਤੀ ਦਾ ਹਿਸਾਬ ਦੇਣ ਆਦਿ ਦੇਣ ਦੀ ਵੀ ਮੰਗ ਕੀਤੀ|