ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 25 ਸਤੰਬਰ
ਇੱਥੋਂ ਨਜ਼ਦੀਕੀ ਪਿੰਡ ਅਕਾਲਗੜ੍ਹ ਢਪੱਈਆਂ ਦੇ ਕਿਸਾਨ ਬਲਜਿੰਦਰ ਸਿੰਘ ਦੀ ਦਸ ਏਕੜ 1509 ਬਾਸਮਤੀ ਦੀ ਫਸਲ ਟਰੈਕਟਰ ਨਾਲ ਸਪਰੇਅ ਕਰਨ ਵਾਲੇ ਪੰਪ ਨਾਲ ਗ਼ਲਤ ਸਪਰੇਅ ਹੋਣ ਕਾਰਨ ਸੜ ਕੇ ਤਬਾਹ ਹੋ ਗਈ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਉਪ ਪ੍ਰਧਾਨ ਲਖਬੀਰ ਸਿੰਘ ਨਿਜਾਮਪੁਰਾ, ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਦੇ ਨੇਤਾ ਭੁਪਿੰਦਰ ਸਿੰਘ, ਕਰਨੈਲ ਸਿੰਘ ਨਵਾਂ ਪਿੰਡ ਅਤੇ ਪ੍ਰਤਾਪ ਸਿੰਘ ਛੀਨਾ ਨੇ ਕਿਹਾ ਕਿਸਾਨ ਬਲਜਿੰਦਰ ਸਿੰਘ ਦੀ 10 ਇਕ ਏਕੜ ਬੀਜੀ ਹੋਈ 1509 ਬਾਸਮਤੀ ਦੀ ਫ਼ਸਲ ਉਪਰ ਗੁਆਂਢੀ ਪਿੰਡ ਰਸੂਲਪੁਰ ਤੋਂ ਟਰੈਕਟਰ ਵਾਲੇ ਪੰਪ ਨਾਲ ਸਪਰੇਅ ਕਰਵਾਈ ਗਈ ਸੀ। ਇਸ ਤੋਂ ਬਾਅਦ ਉਸ ਦੀ ਖੜ੍ਹੀ ਫ਼ਸਲ ਬਰਬਾਦ ਹੋ ਗਈ। ਉਨ੍ਹਾਂ ਕਿਹਾ ਇਸ ਕਾਰਨ ਕਿਸਾਨ ਦਾ ਕਰੀਬ 10 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਇਸ ਦਾ ਮੁੱਖ ਕਾਰਨ ਟਰੈਕਟਰ ਸਪਰੇਅ ਵਾਲੇ ਨੇ ਜਿਸ ਢੋਲ ਵਿੱਚ ਦਵਾਈ ਮਿਲਾ ਕੇ ਸਪਰੇਅ ਕੀਤੀ ਸੀ, ਉਸ ਨੇ ਉਸ ਨੂੰ ਪਹਿਲੇ ਸਪਰੇਅ ਤੋਂ ਖਾਲੀ ਨਹੀਂ ਕੀਤਾ। ਉਸ ਵਿੱਚ ਬਾਸਮਤੀ ਉੱਪਰ ਸਪਰੇਅ ਕਰਨ ਵਾਲੀ ਦਵਾਈ ਦਾ ਘੋਲ ਜਦੋਂ ਪਾਇਆ ਤਾਂ ਇਹ ਦੋਵੇਂ ਦਵਾਈਆਂ ਆਪਸ ਵਿੱਚ ਮਿਲ ਗਈਆਂ। ਦਵਾਈਆਂ ਦਾ ਰਿਐਕਸ਼ਨ ਫ਼ਸਲ ਦੀ ਬਰਬਾਦੀ ਦਾ ਕਾਰਨ ਬਣਿਆ। ਕਿਸਾਨ ਜਥੇਬੰਦੀ ਨੇ ਪੰਜਾਬ ਸਰਕਾਰ ਕੋਲੋਂ ਪੀੜਤ ਕਿਸਾਨ ਨੂੰ ਲੱਖ ਰੁਪਿਆ ਪ੍ਰਤੀ ਏਕੜ ਮੁਆਵਜ਼ਾ ਦੇਣ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।
ਆਲੋਵਾਲ ਐਮਾਂ ਦੇ ਕਿਸਾਨ ਨੇ 3 ਏਕੜ ਝੋਨਾ ਵਾਹਿਆ
ਬਲਾਚੌਰ(ਨਿੱਜੀ ਪੱਤਰ ਪ੍ਰੇਰਕ): ਸੜੋਆ ਬਲਾਕ ਦੇ ਪਿੰਡ ਆਲੋਵਾਲ ਐਮਾਂ ਦੇ ਕਿਸਾਨ ਹਰਦੇਵ ਸਿੰਘ ਨੇ ਦੁਖੀ ਹੋ ਕੇ ਆਪਣਾ 3 ਏਕੜ ਝੋਨਾ ਵਾਹ ਦਿੱਤਾ ਹੈ। ਕਿਸਾਨ ਅਨੁਸਾਰ ਉਸ ਨੇ 7 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਝੋਨਾ ਲਗਾਇਆ ਸੀ, ਜੋ ਕਿ ਸਾਰੇ ਦਾ ਸਾਰਾ ਹੀ ਚਾਈਨਾ ਵਾਇਰਸ ਦਾ ਸ਼ਿਕਾਰ ਹੋ ਗਿਆ ਹੈ। ਇਸ ਵਿੱਚੋਂ ਉਸ ਨੇ 3 ਏਕੜ ਝੋਨਾ ਵਾਹ ਦਿੱਤਾ ਹੈ।। ਇਸੇ ਪਿੰਡ ਦੇ ਕਿਸਾਨ ਸੁਰਿੰਦਰ ਸਿੰਘ ਅਨੁਸਾਰ ਉਸ ਨੇ 8 ਏਕੜ ਝੋਨਾ ਲਗਾਇਆ ਸੀ, ਜੋ ਕਿ ਸਾਰੇ ਦਾ ਸਾਰਾ ਚਾਈਨਾ ਵਾਇਰਸ ਦਾ ਸ਼ਿਕਾਰ ਹੋ ਗਿਆ ਹੈ। ਪਿੰਡ ਗਹੂੰਣ ਦੇ ਕਿਸਾਨ ਸੁਦਾਗਰ ਸਿੰਘ ਅਨੁਸਾਰ ਉਸ ਨੇ 8 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਝੋਨਾ ਲਗਾਇਆ ਸੀ, ਜਿਸ ਵਿੱਚੋਂ 3 ਏਕੜ ਝੋਨੇ ਦੀ ਫਸਲ ਚਾਈਨਾ ਵਾਇਰਸ ਦੀ ਸ਼ਿਕਾਰ ਹੋ ਗਈ ਹੈ। ਇਸੇ ਪਿੰਡ ਦੇ ਇੰਦਰਜੀਤ ਸਿੰਘ ਅਨੁਸਾਰ ਉਸ ਦੀ ਝੋਨੇ ਦੀ ਫਸਲ ਵੀ ਬਿਮਾਰੀ ਦੀ ਮਾਰ ਹੇਠ ਆ ਗਈ ਹੈ। ਇਸੇ ਦੌਰਾਨ ਬਲਾਚੌਰ ਹਲਕੇ ਦੀ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਅਤੇ ਤਹਿਸੀਲਦਾਰ ਬਲਾਚੌਰ ਰਵਿੰਦਰ ਕੁਮਾਰ ਬਾਂਸਲ ਨੇ ਪਿੰਡ ਆਲੋਵਾਲ ਐਮਾਂ ਵਿੱਚ ਚਾਈਨਾ ਵਾਇਰਸ ਨਾਲ ਖਰਾਬ ਹੋਈ ਅਤੇ ਵਾਹੀ ਹੋਈ ਝੋਨੇ ਦੀ ਫਸਲ ਦਾ ਮੁਆਇਨਾ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਮੁੱਖ ਮੰਤਰੀ ਨੂੰ ਮਿਲ ਕੇ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਦੀ ਮੰਗ ਕਰਨਗੇ।