ਪੱਤਰ ਪ੍ਰੇਰਕ
ਤਰਨ ਤਾਰਨ, 2 ਜੁਲਾਈ
ਡੈਮੋਕਰੈਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਅਧਿਆਪਕਾਂ ਵਲੋਂ ਸੂਬਾ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜ ਕੇ ਸਰਕਾਰ ਦੀਆਂ ਕਥਿਤ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਰੋਸ ਪ੍ਰਗਟਾਵਾ ਕੀਤਾ ਗਿਆ| ਜ਼ਿਲ੍ਹੇ ਦੇ ਮਾਨੋਚਾਹਲ ਕਲਾਂ, ਚੋਹਲਾ ਸਾਹਿਬ, ਅਲਾਦੀਨਪੁਰ, ਤਰਨ ਤਾਰਨ ਸ਼ਹਿਰ, ਸਖੀਰਾ, ਮੀਆਂਵਿੰਡ, ਭਾਈ ਅਦਲੀ, ਜਲਾਲਾਬਾਦ, ਲਾਲੂ ਘੁੰਮਣ, ਚੁਤਾਲਾ, ਰੂੜੇਆਸਲ ਸਮੇਤ ਹੋਰ ਸਕੂਲਾਂ ਵਿੱਚ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜੀਆਂ| ਇਸ ਮੌਕੇ ਜਥੇਬੰਦੀ ਦੇ ਆਗੂ ਕਸ਼ਮੀਰ ਸਿੰਘ ਚੋਹਲਾ, ਪ੍ਰਤਾਪ ਸਿੰਘ ਠੱਠਗੜ੍ਹ, ਕੰਵਲਦੀਪ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ‘ਆਪ’ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਕਰਾਰ ਦਿੱਤਾ| ਬੁਲਾਰਿਆਂ ਕੱਚੇ ਮੁਲਾਜਮ ਨੂੰ ਪੱਕਿਆਂ ਕੀਤੇ ਜਾਣ, ਮਾਣ ਭੱਤਾ ਵਰਕਰਾਂ ਤੇ ਘੱਟੋ-ਘੱਟ ਉਜਰਤ ਕਾਨੂੰਨ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਕੰਪਿਊਟਰ ਅਧਿਆਪਕ ਨੂੰ ਪੂਰੇ ਸਕੇਲਾਂ ਤੇ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ, ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਕੱਟੇ ਭੱਤੇ ਬਹਾਲ ਕਰਨ, ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਆਦਿ ਲਈ ਬਜਟ ਦੇ ਚੁੱਪ ਰਹਿਣ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।
ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ਤਹਿਤ ਡੀਟੀਐੱਫ ਨੇ ਮੁਲਾਜ਼ਮਾਂ, ਕਰਮਚਾਰੀਆਂ ਨੂੰ ਅਣਗੌਲਿਆਂ ਕਰਨ ਵਿਰੁੱਧ ਬਜਟ ਦੀਆਂ ਕਾਪੀਆਂ ਸਾੜੀਆਂ। ਜ਼ਿਲ੍ਹਾ ਅੰਮ੍ਰਿਤਸਰ ਦੇ ਸੋਹੀਆਂ ਕਲਾਂ, ਜੱਬੋਵਾਲ, ਖਲਚੀਆਂ, ਬਾਸਰਕੇ ਗਿੱਲਾਂ, ਖਾਸਾ ਬਾਜ਼ਾਰ, ਜਸਤਰਵਾਲ, ਫੇਰੂਮਾਨ, ਬਲਸਰਾਏ, ਬੁਤਾਲਾ, ਰਈਆ, ਤਿੰਮੋਵਾਲ, ਫਤਾਹਪੁਰ, ਚੀਮਾ ਬਾਠ, ਕੋਟ ਮਹਿਤਾਬ, ਗੇਟ ਹਕੀਮਾਂ, ਤਲਵੰਡੀ ਨਾਹਰ, ਜ਼ਾਫਰਕੋਟ, ਕੋਟ ਮਹਿਤਾਬ, ਤਿੰਮੋਵਾਲ ਆਦਿ ਸਕੂਲਾਂ ਬਜਟ ਦੀਆਂ ਕਾਪੀਆਂ ਸਾੜੀਆਂ।