ਗੁਰਬਖਸ਼ਪੁਰੀ
ਤਰਨ ਤਾਰਨ, 14 ਅਪਰੈਲ
ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਲੋਂ ਆਪਣੇ ਜਾਣ ਤੋਂ ਪਹਿਲਾਂ ਰੋਡਵੇਜ਼ ਦੇ ਸਥਾਨਕ ਡਿੱਪੂ ਨੂੰ 22 ਨਵੀਆਂ ਬੱਸਾਂ ਭੇਜਣ ਨਾਲ ਸਾਲਾਂ ਤੋਂ ਬੰਦ ਚਲਦੇ ਆ ਰਹੇ ਰੂਟਾਂ ਨੂੰ ਚਲਾਉਣ ਨਾਲ ਲੋਕਾਂ ਨੂੰ ਭਾਰੀ ਰਾਹਤ ਮਹਿਸੂਸ ਹੋਈ ਹੈ| ਇਸ ਦੇ ਐਨ ਉਲਟ ਡਿੱਪੂ ਵਿੱਚ ਕੰਡਕਟਰਾਂ-ਡਰਾਈਵਰਾਂ, ਰੋਡਵੇਜ਼ ਵਰਕਸ਼ਾਪ ਨਾਲ ਸਬੰਧਿਤ ਸਟਾਫ਼ ਤੋਂ ਇਲਾਵਾ ਹੋਰ ਮੁਲਾਜ਼ਮਾਂ, ਸਵੀਪਰਾਂ ਆਦਿ ਅਨੇਕਾਂ ਜ਼ਿੰਮੇਵਾਰ ਅਧਿਕਾਰੀਆਂ- ਮੁਲਾਜ਼ਮਾਂ ਦੀ ਸਖਤ ਘਾਟ ਹੋਣ ਕਰਕੇ ਡਿੱਪੂ ਦੀਆਂ ਸਾਰੀਆਂ ਬੱਸਾਂ ਰੂਟਾਂ ’ਤੇ ਨਹੀਂ ਚਲ ਰਹੀਆਂ| ਨਵੀਆਂ ਬੱਸਾਂ ਦੇ ਆਉਣ ਨਾਲ ਡਿੱਪੂ ਵਲੋਂ ਜਿਥੇ ਕਈ ਬੰਦ ਚਲਦੇ ਆ ਰਹੇ ਟਾਈਮ (ਬੱਸਾਂ ਦੇ ਚੱਲਣ) ਬਹਾਲ ਕੀਤੇ ਜਾ ਚੁੱਕੇ ਹਨ, ਉਥੇ ਮੁਕਤਸਰ ਅਤੇ ਮਲੌਟ ਲਈ ਦੋ ਨਵੇਂ ਰੂਟ ਵੀ ਸ਼ੁਰੂ ਕੀਤੇ ਗਏ ਹਨ| ਡਿੱਪੂ ਨੂੰ ਇਹ ਨਵੀਆਂ ਬੱਸਾਂ ਮਿਲਣ ਕਰਕੇ ਇਥੇ ਬੱਸਾਂ ਦੀ ਕੁਲ ਗਿਣਤੀ 71 ਤੱਕ ਪਹੁੰਚ ਗਈ ਹੈ| ਡਿੱਪੂ ਲਈ ਕੰਡਕਟਰਾਂ ਅਤੇ ਡਰਾਈਵਰਾਂ ਦੀਆਂ ਮਨਜ਼ੂਰ ਅਸਾਮੀਆਂ 100-100 ਹਨ ਜਦਕਿ ਡਿੱਪੂ ਵਿੱਚ ਕੰਡਕਟਰਾਂ ਦੀਆਂ 34 ਅਤੇ ਡਰਾਈਵਰਾਂ ਦੀਆਂ 33 ਅਸਾਮੀਆਂ ਖਾਲੀ ਚੱਲ ਰਹੀਆਂ ਹਨ| ਇਸੇ ਕਰਕੇ ਤਰਨ ਤਾਰਨ ਤੋਂ ਇਲਾਕੇ ਦੇ ਮੁੰਡਾਪਿੰਡ, ਝਬਾਲ-ਅਟਾਰੀ, ਖਡੂਰ ਸਾਹਿਬ, ਜੰਡਿਆਲਾ ਗੁਰੂ, ਚੋਹਲਾ ਸਾਹਿਬ, ਖੇਮਕਰਨ, ਖਾਲੜਾ, ਵਲਟੋਹਾ ਆਦਿ ਦੇ ਲੋਕਲ ਰੂਟ ਅਜੇ ਵੀ ਬੰਦ ਚਲ ਰਹੇ ਹਨ|
ਡਿਉੂਟੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਥਿਤੀ ਤੋਂ ਡਿੱਪੂ ਦੇ ਅਧਿਕਾਰੀਆਂ ਵਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪਹਿਲਾਂ ਦੀ ਸੂਚਨਾ ਦਿੱਤੀ ਹੋਈ ਹੈ| ਇਥੇ ਕੰਮ ਕਰਦੇ ਮਨਿਸਟੀਰੀਅਲ ਸਟਾਫ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਤਰਨ ਤਾਰਨ ਡਿੱਪੂ ਵਿੱਚ ਜੂਨੀਅਰ ਟੈਕਨੀਸ਼ੀਅਨ ਮਕੈਨਿਕ (ਜੇਟੀ), ਇਲੈਕਟ੍ਰੀਸ਼ੀਅਨ, ਟਾਇਰਮੈਨ, ਵਰਕਸ ਮੈਨੇਜਰ, ਹੈੱਡ ਮਕੈਨਿਕ ਆਦਿ ਦੀਆਂ ਅਸਾਮੀਆਂ ਖਾਲੀ ਚਲ ਰਹੀਆਂ ਹਨ| ਵਰਕਸ਼ਾਪ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਕਿਸੇ ਵਿਭਾਗੀ ਕਾਰਵਾਈ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਨ੍ਹਾਂ ਅਸਾਮੀਆਂ ਦੇ ਮੁਲਾਜ਼ਮਾਂ ਵਲੋਂ ਕੀਤਾ ਜਾਣ ਵਾਲਾ ਕੰਮ ਆਪਣੇ ਪੱਲਿਓਂ ਪੈਸੇ ਖਰਚ ਕੇ ਬਾਹਰ ਤੋਂ ਕਰਵਾਇਆ ਜਾ ਰਿਹਾ ਹੈ| ਡਿੱਪੂ ਦੀਆਂ 71 ਬੱਸਾਂ ਦੀ ਸਫਾਈ ਆਦਿ ਕਰਨ ਲਈ ਦੋ ਵੀ ਸਵੀਪਰ ਹਨ ਜਦਕਿ ਇਸ ਕੰਮ ਲਈ ਘੱਟੋ ਘੱਟ ਛੇ ਸਵੀਪਰ ਲੋੜੀਂਦੇ ਹਨ| ਡਿੱਪੂ ਵਿੱਚ ਦਰਜਾ ਚਾਰ ਦੇ ਮੁਲਾਜ਼ਮ ਤਿੰਨ ਚਾਹੀਦੇ ਹਨ ਜਦਕਿ ਇਕ ਹੀ ਅਸਾਮੀ ਹੈ| ਇਥੇ ਅਕਾਉਟੈਂਟ ਦੀ ਅਸਾਮੀ ਖਾਲੀ ਚਲਦੀ ਹੋਣ ਨਾਲ ਡਿੱਪੂ ਦਾ ਆਮ ਵਿੱਤੀ ਕੰਮ-ਕਾਜ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ| ਮੁਲਾਜ਼ਮ ਆਗੂ ਗੁਰਜੀਤ ਸਿੰਘ ਗਿੱਲ ਨੇ ਰੋਡਵੇਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਡਿੱਪੂ ਦੀਆਂ ਘਾਟਾਂ ਤੁਰੰਤ ਦੂਰ ਕੀਤੇ ਜਾਣ ਦੀ ਮੰਗ ਕੀਤੀ ਹੈ|