ਪੱਤਰ ਪ੍ਰੇਰਕ
ਪਠਾਨਕੋਟ, 3 ਜੁਲਾਈ
ਜੰਗਲਾਤ ਵਿਭਾਗ ਪਠਾਨਕੋਟ ਵੱਲੋਂ ਇਸ ਸਾਲ ਜ਼ਿਲ੍ਹੇ ਵਿੱਚ 4 ਲੱਖ 35 ਹਜ਼ਾਰ ਬੂਟੇ ਲਗਾਏ ਜਾਣਗੇ। ਇਨ੍ਹਾਂ ਬੂਟਿਆਂ ਨੂੰ ਪਠਾਨਕੋਟ, ਧਾਰ ਅਤੇ ਦੁਨੇਰਾ ਸਥਿਤ 12 ਨਰਸਰੀਆਂ ਵਿੱਚ ਤਿਆਰ ਕਰ ਲਿਆ ਗਿਆ ਹੈ। ਇਨ੍ਹਾਂ ਦੀ ਢੋਆਈ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। 5 ਜੁਲਾਈ ਤੋਂ ਬੂਟਿਆਂ ਨੂੰ ਲਗਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਬੂਟਿਆਂ ਨੂੰ ਲਗਾਉਣ ਲਈ ਟੋਏ ਪੁੱਟਣ ਦਾ ਕੰਮ ਵਿਭਾਗ ਵੱਲੋਂ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਹੈ। ਹੁਣ 1-2 ਬਰਸਾਤ ਤੋਂ ਬਾਅਦ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਸਾਰੇ ਬੂਟੇ ਕੈਂਪਾਂ, ਗਰੀਨ ਪੰਜਾਬ ਮਿਸ਼ਨ ਅਤੇ ਐਫਟੀ 33 ਸਕੀਮ ਅਧੀਨ ਲਗਾਏ ਜਾਣਗੇ। ਡੀਐਫਓ ਅਟਲ ਮਹਾਜਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬੀਤੇ 10 ਸਾਲਾਂ ਵਿੱਚ ਜੰਗਲਾਤ ਖੇਤਰ ਵਿੱਚ ਢਾਈ ਫ਼ੀਸਦੀ ਰਕਬਾ ਵਧਿਆ। ਇਸ ਰਕਬੇ ਨੂੰ ਹੋਰ ਵਧਾਉਣ ਲਈ ਜੰਗਲਾਤ ਵਿਭਾਗ ਵੱਲੋਂ ਅਰਧ ਪਹਾੜੀ ਖੇਤਰ ਧਾਰ, ਦੁਨੇਰਾ ਅਤੇ ਜ਼ਿਲ੍ਹੇ ਦੇ ਮੈਦਾਨੀ ਇਲਾਕਿਆਂ ਨਾਲ ਜੰਗਲਾਤ ਭੂਮੀ ਉਪਰ ਹੋਏ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਬੀਤੇ ਤਿੰਨ ਸਾਲ ਵਿੱਚ 400 ਹੈਕਟੇਅਰ ਜੰਗਲਾਤ ਭੂਮੀ ਤੇ ਨਾਜਾਇਜ਼ ਕਬਜ਼ੇ ਛੁਡਾਏ ਜਾ ਚੁੱਕੇ ਹਨ।