ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਟਾਲਾ/ਫਤਿਹਗੜ੍ਹ ਚੂੜੀਆਂ, 21 ਮਈ
ਯੰਗ ਇਨੋਵੇਟਿਵ ਫਾਰਮਰਜ਼ ਗਰੁੱਪ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡੀਸੀ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਠੇਕੇ ’ਤੇ ਲਈ ਪੰਚਾਇਤੀ ਜ਼ਮੀਨ ਵਿੱਚ ਜੇਕਰ ਕਿਸਾਨ ਝੋਨਾ ਲਗਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਝੋਨੇ ਦੀ 100 ਫ਼ੀਸਦੀ ਸਿੱਧੀ ਬਿਜਾਈ ਹੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ 50 ਹਜ਼ਾਰ ਹੈਕਟੇਅਰ ਰਕਬੇ ’ਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਲਈ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਡੀਸੀ ਨੇ ਪਿੰਡ ਹਰਦੋਵਾਲ ਖੁਰਦ ਵਿਖ ਸੈਮੀਨਰ ਕਿਸਾਨਾਂ ਨੂੰ ਪਾਣੀ ਬਚਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਧਰਤ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਬਹੁਤ ਕਾਰਗਰ ਹੈ। ਸਿੱਧੀ ਬਿਜਾਈ ਨਾਲ ਜਿਥੇ ਪਾਣੀ ਦੀ ਬਚਤ ਹੁੰਦੀ ਹੈ ਉਥੇ ਫ਼ਸਲ ਦਾ ਝਾੜ ਵੀ ਪੂਰਾ ਨਿਕਲਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ’ਤੇ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਬੈਂਕਾਂ ਦੀ ਕਿਸਾਨ ਕਰੈਡਿਟ ਕਾਰਡ (ਕੇਸੀਸੀ) ਸਕੀਮ ਦਾ ਲਾਭ ਉਠਾਉਣ ਲਈ ਵੀ ਪ੍ਰੇਰਿਤ ਕੀਤਾ। ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਖਾਲਸਾ ਨੇ ਵੀ ਵਿਚਾਰ ਰੱਖੇ।
ਮੰਤਰੀ ਨੇ ਸਿੱਧੀ ਬਿਜਾਈ ਸ਼ੁਰੂ ਕਰਵਾਈ
ਭਿੱਖੀਵਿੰਡ (ਪੱਤਰ ਪ੍ਰੇਰਕ) : ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਪੱਟੀ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਾਰਵਾਈ ਗਈ। ਇਸ ਮੌਕੇ ਉਨ੍ਹਾਂ ਦੇ ਮੁੱਖ ਖੇਤੀਬਾੜੀ ਅਫ਼ਸਰ ਜਗਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਸਰਕਾਰ 1500 ਰੁਪਏ ਸਿੱਧੀ ਬਿਜਾਈ ਤੇ ਕਿਸਾਨਾਂ ਨੂੰ ਸਬਸਿਡੀ ਵੀ ਦੇ ਰਹੀ ਹੈ, ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਹਰਿਆਣਾ ਸਰਕਾਰ 4000 ਹਜ਼ਾਰ ਸਬਸਿਡੀ ਦੇ ਰਹੀ ਹੈ ਕੀ ਪੰਜਾਬ ਸਰਕਾਰ ਇਸ ਵਿਚ ਵਾਧਾ ਕਰ ਸਕਦੀ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਮੁੱਖ ਮੰਤਰੀ ਕੋਈ ਫੈਸਲਾ ਲੈ ਸਕਦੇ ਹਨ।