ਹਰਜੀਤ ਸਿੰਘ ਪਰਮਾਰ
ਬਟਾਲਾ, 24 ਅਗਸਤ
ਅੰਮ੍ਰਿਤਸਰ-ਜੰਮੂ ਹਾਈਵੇਅ ’ਤੇ ਸਥਿੱਤ ਪਿੰਡ ਖਤੀਬ ਨੇੜੇ ਇੱਕ ਤੇਲ ਟੈਂਕਰ ਵੱਲੋਂ ਸੜਕ ਕਿਨਾਰੇ ਖੜ੍ਹੇ ਇੱਕ ਟਿੱਪਰ ਨੂੰ ਟੱਕਰ ਮਾਰਨ ਕਰਕੇ ਵਾਪਰੇ ਹਾਦਸੇ ਵਿੱਚ ਤੇਲ ਟੈਂਕਰ ਦੇ ਕਲੀਨਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦ ਕਿ ਟੈਂਕਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਪਲਟ ਗਏ। ਤੇਲ ਟੈਂਕਰ ਦਾ ਕਲੀਨਰ ਦੋਵਾਂ ਵਾਹਨਾਂ ਵਿੱਚ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਪੁਲੀਸ ਨੇ ਜੇਸੀਬੀ ਦੀ ਮਦਦ ਨਾਲ ਉਸ ਦੀ ਲਾਸ਼ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ। ਮ੍ਰਿਤਕ ਦੀ ਸ਼ਨਾਖਤ ਬਲਜੋਧ ਸਿੰਘ (32) ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਤਿੱਬੜ ਵਜੋਂ ਹੋਈ ਹੈ। ਜ਼ਖਮੀ ਡਰਾਈਵਰ ਸਰਬਜੀਤ ਸਿੰਘ ਵਾਸੀ ਤਿੱਬੜ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਬਲਜੋਧ ਸਿੰਘ ਦੇ ਪਿਤਾ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਅਤੇ ਟੈਂਕਰ ਚਾਲਕ ਸਰਬਜੀਤ ਸਿੰਘ ਜੋਧਪੁਰ ਤੋਂ ਸਰ੍ਹੋਂ ਦੇ ਤੇਲ ਦਾ ਟੈਂਕਰ ਲੈ ਕੇ ਆਏ ਸਨ ਅਤੇ ਪਠਾਨਕੋਟ ਲਿਜਾ ਰਹੇ ਸਨ ਕਿ ਜਦੋਂ ਉਹ ਪਿੰਡ ਖਤੀਬ ਨੇੜੇ ਪਹੁੰਚੇ ਤਾਂ ਸੜਕ ਕਿਨਾਰੇ ਖੜ੍ਹੇ ਕੋਲੇ ਨਾਲ ਭਰੇ ਇੱਕ ਟਿੱਪਰ ਨਾਲ ਇਨ੍ਹਾਂ ਦੀ ਟੱਕਰ ਹੋ ਗਈ। ਉਸ ਨੇ ਦੱਸਿਆ ਕਿ ਹਾਦਸੇ ਵਿੱਚ ਉਸ ਦੇ ਲੜਕੇ ਬਲਜੋਧ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਡਰਾਈਵਰ ਜ਼ਖਮੀ ਹੋ ਗਿਆ। ਥਾਣਾ ਸਿਵਲ ਲਾਈਨਜ਼ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਸਿਵਲ ਹਸਪਤਾਲ ਬਟਾਲਾ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਥਾਣਾ ਸਿਵਲ ਲਾਈਨਜ਼ ਦੇ ਏਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।