ਗੁਰਬਖਸ਼ਪੁਰੀ
ਤਰਨ ਤਾਰਨ, 4 ਜੂਨ
ਸਥਾਨਕ ਨਗਰ ਕੌਂਸਲ ਨਾਲ ਸਬੰਧਤ ਸਫ਼ਾਈ ਸੇਵਕ ਯੂਨੀਅਨ ਵੱਲੋਂ ਅੱਜ ਇੱਥੇ ਰੋਸ ਵਿਖਾਵਾ ਕਰਕੇ ਇਕ ਮੰਗ ਪੱਤਰ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਪ੍ਰਤੀਨਿਧੀ ਕੁਲਵੰਤ ਸਿੰਘ ਪਨੂੰ ਨੂੰ ਸੌਂਪਿਆ ਗਿਆ।
ਜਥੇਬੰਦੀ ਦੇ ਆਗੂ ਰਮੇਸ਼ ਕੁਮਾਰ ਦੀ ਅਗਵਾਈ ’ਚ ਇਕੱਤਰ ਹੋਏ ਸਫ਼ਾਈ ਸੇਵਕਾਂ ਨੇ ਸਮੇਂ ਸਿਰ ਤਨਖਾਹਾਂ ਦੇਣ, ਠੇਕੇ ’ਤੇ ਕੰਮ ਕਰਦੇ ਸਫ਼ਾਈ ਸੇਵਕਾਂ ਨੂੰ ਡੀਸੀ ਰੇਟ ’ਤੇ ਤਨਖਾਹ ਦੇਣ, ਤਨਖਾਹਾਂ ਵਿੱਚੋਂ ਕੱਟੇ ਜਾਂਦੇ ਪੈਸਿਆਂ ਦੀ ਰਸੀਦ ਦੇਣ ਆਦਿ ਦੀ ਮੰਗ ਕੀਤੀ। ਜਥੇਬੰਦੀ ਦੇ ਆਗੂ ਰਮੇਸ਼ ਕੁਮਾਰ ਨੇ ਦੋਸ਼ ਲਗਾਇਆ ਕਿ ਨਗਰ ਕੌਂਸਲ ਵੱਲੋਂ ਉਨ੍ਹਾਂ ਦੇ ਪਹਿਲਾਂ ਤੋਂ ਕੱਟੇ ਪੈਸਿਆਂ ਦੀਆਂ ਸਲਿੱਪਾਂ ਨਹੀਂ ਦਿੱਤੀਆਂ ਜਾ ਰਹੀਆਂ, ਜਿਸ ਕਾਰਨ ਉਨ੍ਹਾਂ ਦੇ ਸੇਵਾ-ਮੁਕਤ ਹੋਏ ਮੁਲਾਜ਼ਮ ਸਾਥੀਆਂ ਨੂੰ ਲਾਭ ਲੈਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਸਫਾਈ ਸੇਵਕਾਂ ਨੂੰ ਠੇਕੇਦਾਰਾਂ ਵੱਲੋਂ ਸੇਵਾਵਾਂ ਤੋਂ ਹਟਾ ਦੇਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੇਣ ਦਾ ਦੀ ਦੋਸ਼ ਲਗਾਇਆ। ਜਥੇਬੰਦੀ ਵੱਲੋਂ ਮੰਗਾਂ ਦੀ ਪੂਰਤੀ ਨਾ ਹੋਣ ’ਤੇ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ।