ਪੱਤਰ ਪ੍ਰੇਰਕ
ਤਰਨ ਤਾਰਨ, 12 ਜੂਨ
ਇਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਮਿਨੀ ਬੱਸ ਆਪਰੇਟਰ ਐਸੋਸਸੀਏਸ਼ਨ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਪਹਿਲਾਂ ਦਿੱਤੇ ਹੋਏ ਰੂਟ ਪਰਮਿਟ ਜਾਰੀ ਰੱਖਣ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਅੱਜ ਇੱਥੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ 1984 ਦੌਰਾਨ ਉਸ ਵੇਲੇ ਦੀ ਸਰਕਾਰ ਵੱਲੋਂ ਬੇਰੁਜ਼ਗਾਰਾਂ, ਧਰਮੀ ਫੌਜੀਆਂ, ਅਤਿਵਾਦ ਪੀੜਤ ਆਦਿ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਮਿਨੀ ਬੱਸਾਂ ਦੇ 6700 ਲੋਕਲ ਰੂਟ ਪਰਮਿਟ ਦਿੱਤੇ ਸਨ ਜਿਨ੍ਹਾਂ ਵਿੱਚੋ 3000 ਪਰਮਿਟ ਸਰਕਾਰ ਵੱਲੋਂ ਪੈਰਾਵਾਈ ਨਾ ਕਰਨ ਕਰ ਕੇ ਅਦਾਲਤਾਂ ਦੇ ਹੁਕਮਾਂ ’ਤੇ ਰੱਦ ਕਰ ਦਿੱਤੇ ਗਏ। ਸਿੱਟੇ ਵਜੋਂ 3000 ਗਰੀਬ ਵਿਅਕਤੀ ਬੇਰੁਜ਼ਗਾਰ ਹੋ ਗਏ। ਇਸ ਮੁੱਦੇ ’ਤੇ ਲੜੇ ਜਾ ਰਹੇ ਘੋਲ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪੁਰਜ਼ੋਰ ਹਮਾਇਤ ਕੀਤੀ ਹੈ ਅਤੇ ਇਨ੍ਹਾਂ 3000 ਵਿਅਕਤੀਆਂ ਦੇ ਰੁਜ਼ਗਾਰ ਨੂੰ ਬਚਾਉਣ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਬੇਰੁਜ਼ਗਾਰਾਂ ਨੂੰ ਹੋਰ ਪਰਮਿਟ ਜਾਰੀ ਕਰਨ ਦੀ ਵੀ ਮੰਗ ਕੀਤੀ ਹੈ।