ਸੁੱਚਾ ਸਿੰਘ ਪਸਨਾਵਾਲ,
ਧਾਰੀਵਾਲ, 28 ਜੂਨ
ਮੈਡੀਕਲ ਲੈਬਾਰੇਟਰੀ ਟੈਕਨੀਸੀਅਨ ਐਸੋਸੀਏਸ਼ਨ ਪੰਜਾਬ ਵੱਲੋਂ ਸੂਬੇ ਭਰ ਵਿੱਚ 28 ਜੂਨ ਤੋਂ 30 ਜੂਨ ਤੱਕ ਰੋਜ਼ਾਨਾ ਸਵੇਰੇ 9 ਵਜੇ ਤੋਂ 11 ਵਜੇ ਤੱਕ ਮੁੰਕਮਲ ਹੜਤਾਲ ਕਰਨ ਦੇ ਫੈਸਲੇ ਅਨੁਸਾਰ ਛੇਵੇਂ ਪੇਅ ਕਮਿਸ਼ਨ ਦਾ ਬਾਈਕਾਟ ਕਰਦਿਆਂ ਅੱਜ ਸੀਐੱਚਸੀ ਧਾਰੀਵਾਲ ਵਿੱਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਾਕੇਸ਼ ਵਿਲੀਅਮ, ਸਟੇਟ ਡੈਲੀਗੇਟ ਸੁਲਿੰਦਰ ਪਾਲ ਅਤੇ ਸਟੇਟ ਡੈਲੀਗੇਟ ਖਾਦਮ ਮਸੀਹ ਦੀ ਅਗਵਾਈ ਹੇਠ ਦੋ ਘੰਟੇ ਹੜਤਾਲ ਕੀਤੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਰਾਕੇਸ਼ ਵਿਲੀਅਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧੂਰਾ ਤੇ ਲੰਗੜਾ ਛੇਵਾਂ ਪੇਅ ਕਮਿਸ਼ਨ ਜਾਰੀ ਕਰਕੇ ਮੈਡੀਕਲ, ਪੈਰਾ-ਮੈਡੀਕਲ ਅਤੇ ਲੈਬਾਰੇਟਰੀ ਟੈਕਨੀਸ਼ੀਅਨ ਨਾਲ ਬੇਇਨਸਾਫੀ ਕੀਤੀ ਹੈ ਅਤੇ ਕਰੋਨਾ ਮਹਾਮਾਰੀ ਦੌਰਾਨ ਜਾਨ ਜੌਖਮ ਵਿੱਚ ਪਾ ਕੇ ਇਮਾਨਦਾਰੀ ਨਾਲ ਸੇਵਾ ਨਿਭਾਉਣ ਦੀ ਸਜ਼ਾ ਦਿੱਤੀ ਹੈ। ਐਸੋਸੀਏਸ਼ਨ ਆਗੂਆਂ ਨੇ ਚਿਤਵਾਨੀ ਦਿੱਤੀ ਜੇ ਸਰਕਾਰ ਨੇ ਛੇਵੇਂ ਪੇਅ ਕਮਿਸ਼ਨ ’ਚ ਸੋਧ ਕਰਨ ਸਮੇਤ ਉਨ੍ਹਾਂ ਦੀਆਂ ਹੋਰ ਮੰਗਾਂ ਨਾ ਮੰਨੀਆਂ ਤਾਂ ਹੜਤਾਲ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ।