ਗੁਰਬਖ਼ਸ਼ਪੁਰੀ
ਤਰਨ ਤਾਰਨ, 27 ਦਸੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਦਿੱਤੇ ਧਰਨੇ ਵਿੱਚ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਗਿਆ| ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਤੇ ਬੀਬੀ ਗੁਰਪ੍ਰੀਤ ਕੌਰ ਜੌੜਾ ਦੇ ਜਥੇ ਵਲੋਂ ਸੰਗਤ ਨੂੰ ਕੀਰਤਨ ਨਾਲ ਨਿਹਾਲ ਕੀਤਾ ਗਿਆ| ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਤੋਂ ਇਲਾਵਾ ਹੋਰਨਾਂ ਨੇ ਵਿਚਾਰ ਸਾਂਝੇ ਕਰਦਿਆਂ ਮਾਤਾ ਗੁਜਰੀ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਕੁਰਬਾਨੀ ਅੱਗੇ ਸਿਜਦਾ ਕੀਤਾ| ਉਨ੍ਹਾਂ ਸੂਬਾ ਸਰਕਾਰ ਵੱਲੋਂ 2017 ਦੀਆਂ ਚੋਣਾਂ ਮੌਕੇ ਕਿਸਾਨਾਂ ਅਤੇ ਹੋਰਨਾਂ ਵਰਗਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੀ ਨਿਖੇਧੀ ਕੀਤੀ ਅਤੇ ਕਿਸਾਨ ਦਾ ਸਮੁੱਚਾ ਕਰਜਾ ਮੁਆਫ ਕਰਨ ਦੀ ਮੰਗ ਕੀਤੀ|
ਸ਼ਾਹਕੋਟ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸਥਾਨਕ ਤਹਿਸੀਲ ਕੰਪਲੈਕਸ ਵਿਚ ਦਿਨ-ਰਾਤ ਦਾ ਧਰਨਾ ਅੱਠਵੇਂ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਕਨਵੀਨਰ ਮੋਹਨ ਸਿੰਘ ਬੱਲ ਨੇ ਕੇਂਦਰ ਸਰਕਾਰ ਵੱਲੋਂ ਪੂੰਜੀਪਤੀ ਖੇਤੀ ਮਾਡਲ ਦੇ ਅਲਾਪੇ ਜਾ ਰਹੇ ਰਾਗ ਨੂੰ ਨਾਕਾਰਦਿਆਂ ਕਿਹਾ ਕਿ ਕੁਦਰਤ ਪੱਖੀ ਖੇਤੀ ਮਾਡਲ ਅਪਨਾਉਣ ਨਾਲ ਹੀ ਕਿਸਾਨਾਂ ਦਾ ਭਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ੀ ਯੋਧੇ ਸੂਬਾ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਅਮਲ ਵਿਚ ਲਿਆਉਣ ਤੋਂ ਬਾਅਦ ਹੀ ਘਰਾਂ ਨੂੰ ਪਰਤਣਗੇ। ਇਸ ਮੌਕੇ ਬਲਵੰਤ ਮਲਸੀਆਂ, ਸੁੱਖਪਾਲ ਸਿੰਘ ਰਾਈਵਾਲ, ਹਰਨੇਕ ਸਿੰਘ ਮਾਲੜੀ, ਮਨਜੀਤ ਸਿੰਘ ਸਾਬੀ, ਤਰਸੇਮ ਨੂਰਪੁਰੀ ਅਤੇ ਗੁਰਚਰਨ ਸਿੰਘ ਚਾਹਲ ਤੋਂ ਇਲਾਵਾ ਪਿੰਡ ਇਕਾਈਆਂ ਦੇ ਪ੍ਰਧਾਨ ਅਤੇ ਸਕੱਤਰਾਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
ਕਿਸਾਨ ਅੰਦੋਲਨ ’ਚ ਯੋਗਦਾਨ ਪਾਉਣ ਵਾਲੇ ਸਨਮਾਨੇ
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਪੰਜਾਬ ਕਿਸਾਨ ਯੂਨੀਅਨ ਦੀ ਪਿੰਡ ਸਠਿਆਲੀ ਦੀ ਇਕਾਈ ਵੱਲੋਂ ਸਨਮਾਨ ਸਮਾਗਮ ਕਰਵਾਇਆ ਗਿਆ। ਯੂਨੀਅਨ ਪ੍ਰਧਾਨ ਮਲਕੀਤ ਸਿੰਘ ਦਾਤਾਰਪੁਰ ਤੇ ਉਪ ਪ੍ਰਧਾਨ ਸੁਖਵੰਤ ਸਿੰਘ ਸਠਿਆਲੀ ਨੇ ਦੱਸਿਆ ਕਿ ਕਿਸਾਨ ਅੰਦੋਲਨ ਯੋਗਦਾਨ ਪਾਉਣ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਬਲਬੀਰ ਸਿੰਘ ਰੰਧਾਵਾ ਵੱਲੋਂ ਲੰਗਰ ਦੀ ਸੇਵਾ ਨਿਭਾਉਣ ਵਾਲੀਆਂ ਬੀਬੀਆਂ ਨੂੰ ਵੀ ਸਨਮਾਨਿਆ ਗਿਆ। ਇਸ ਮੌਕੇ ਕਿਸਾਨ ਜਸਬੀਰ ਸਿੰਘ ਫੇਰੋਚੇਚੀ, ਗਗਨਦੀਪ ਸਿੰਘ, ਲਖਵਿੰਦਰ ਸਿੰਘ, ਹੁਸ਼ਨਾਕ ਸਿੰਘ, ਫੁੰਮਣ ਸਿੰਘ ਸੁੱਖਾ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।