ਮਕਬੂਲ ਅਹਿਮਦ
ਕਾਦੀਆਂ, 30 ਜੂਨ
ਇੱਥੇ ਅੱਜ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਦੇ ਰਵੱੱਈਏ ਤੋਂ ਬਜ਼ੁਰਗ ਔਰਤ ਦੇ ਪੁੱਤਰ ਤੇ ਰਿਸ਼ਤੇਦਾਰ ਭੜਕ ਗਏ। ਚੇਅਰਪਰਸਨ ਅੱਜ ਕਾਦੀਆਂ ਦੇ ਨੇੜਲੇ ਪਿੰਡ ਨਾਥਪੁਰ ਵਿੱਚ ਪਹੁੰਚੇ। ਉਨ੍ਹਾਂ ਜਸਬੀਰ ਕੌਰ (85) ਨਾਲ ਮੁਲਾਕਾਤ ਕੀਤੀ ਜੋ ਆਪਣੇ ਪੁੱਤਰਾਂ ਦੀ ਅਣਦੇਖੀ ਦਾ ਸ਼ਿਕਾਰ ਸੀ ਅਤੇ ਇਕੱਲੇ ਆਪਣੇ ਘਰ ਵਿੱਚ ਰਹਿਣ ਨੂੰ ਮਜਬੂਰ ਸੀ। ਉਨ੍ਹਾਂ ਨੇ ਬੁਜ਼ੁਰਗ ਮਹਿਲਾ ਦੇ ਸਾਹਮਣੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ ਜਿਹੜੀ ਜ਼ਮੀਨ ਦੀ ਵਸੀਅਤ ਸੀ ਉਸ ਨੂੰ ਰੱਦ ਕਰਕੇ ਉਹ ਜ਼ਮੀਨ ਪੁੱਤਰਾਂ ਤੋਂ ਖੋਹ ਕੇ ਬੁਜ਼ਰਗ ਔਰਤ ਦੇ ਨਾਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਸ ਸਬੰਧੀ ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ ਨਾਲ ਗੱਲ ਹੋ ਗਈ ਹੈ। ਇਸੇ ਦੌਰਾਨ ਮਾਤਾ ਜਸਬੀਰ ਕੌਰ ਦੇ ਪੁੱਤਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਮਾਮਲਾ ਤੂਲ ਫ਼ੜ ਗਿਆ। ਮਾਤਾ ਜਸਬੀਰ ਕੌਰ ਦੇ ਪੁੱਤਰ ਅਤੇ ਉਨ੍ਹਾਂ ਦੇ ਪਾਰਿਵਾਰਕ ਮੈਂਬਰਾਂ ਨੇ ਮਨੀਸ਼ਾ ਗੁਲਾਟੀ ਦੀ ਗੱਡੀ ਨੂੰ ਰੋਕ ਲਿਆ। ਇਸ ਦੌਰਾਨ ਡੀਐੱਸਪੀ ਕਾਦੀਆਂ ਨੇ ਬੜੀ ਮੁਸ਼ਕਿਲ ਨਾਲ ਮਨੀਸ਼ਾ ਗੁਲਾਟੀ ਨੂੰ ਉਥੋਂ ਬਾਹਰ ਕੱਢਿਆ। ਉਧਰ ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਮਨੀਸ਼ਾ ਗੁਲਾਟੀ ਨੂੰ ਦੂਜੀ ਧਿਰ ਦਾ ਵੀ ਪੱਖ ਜਾਣਨਾ ਚਾਹੀਦਾ ਹੈ। ਉਧਰ ਮਾਤਾ ਜਸਬੀਰ ਕੌਰ ਦੇ ਪੁੱਤਰ ਬਲਵਿੰਦਰ ਸਿੰਘ ਅਤੇ ਰਾਜਕੰਵਲ ਸਿੰਘ ਨੇ ਮਨੀਸ਼ਾ ਗੁਲਾਟੀ ’ਤੇ ਦੋਸ਼ ਲਗਾਇਆ ਹੈ ਕਿ ਉਸ ਨੂੰ ਚੰਡੀਗੜ੍ਹ ਵਿੱਚ ਉਨ੍ਹਾਂ ਦਾ ਪੱਖ ਸੁਣਨ ਦੀ ਬਜਾਏ ਧਮਕੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੀ ਮਾਂ ਨਾਲ ਰਹਿ ਕੇ ਉਨ੍ਹਾਂ ਦੀ ਸੇਵਾ ਕਰਨ ਨੂੰ ਤਿਆਰ ਹਾਂ ਪਰ ਕੁੱਝ ਰਿਸ਼ਤੇਦਾਰ ਇੱਸ ਮਾਮਲੇ ਨੂੰ ਤੂਲ ਦੇ ਰਹੇ ਹਨ।
ਮਨੀਸ਼ਾ ਗੁਲਾਟੀ ਵੱਲੋਂ ਸਿਵਲ ਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ
ਗੁਰਦਾਸਪੁਰ (ਕੇਪੀ ਸਿੰਘ): ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਅੱਜ ਇੱਥੇ ਕਿਹਾ ਕਿ ਕਮਿਸ਼ਨ ਔਰਤਾਂ ਦੇ ਹਿੱਤਾਂ ਅਤੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ ਅਤੇ ਇਸੇ ਮੰਤਵ ਨਾਲ ਵਿਚ ਕਮਿਸ਼ਨ ਵੱਲੋਂ ਇਕ ਬਿੱਲ ਤਿਆਰ ਕੀਤਾ ਗਿਆ ਹੈ ਜਿਸ ਨੂੰ ਵਿਧਾਨ ਸਭਾ ਵਿਚ ਜਲਦ ਪਾਸ ਕਰਵਾਇਆ ਜਾਵੇਗਾ । ਉਨ੍ਹਾਂ ਅੱਜ ਇੱਥੋਂ ਦੇ ਪੰਚਾਇਤ ਭਵਨ ਵਿੱਚ ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਇਸ ਉਪਰੰਤ ਔਰਤਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।