ਪੱਤਰ ਪ੍ਰੇਰਕ
ਤਰਨ ਤਾਰਨ, 6 ਮਈ
ਤਰਨ ਤਾਰਨ ਦੇ ਇੱਕ ਸੁਨਿਆਰੇ ਵੱਲੋਂ ਬੀਤੇ ਦਿਨ ਐਤਵਾਰ ਨੂੰ 50 ਲੱਖ ਰੁਪਏ ਦੀ ਫ਼ਿਰੌਤੀ ਦੇਣ ਤੋਂ ਇਨਕਾਰ ਕਰਨ ’ਤੇ ਲੁਟੇਰਿਆਂ ਨੇ ਬੀਤੀ ਸ਼ਾਮ ਉਸ ਦੀ ਦੁਕਾਨ ਦੇ ਸ਼ਟਰ ’ਤੇ ਫਾਇਰ ਕੀਤੇ। ਪੁਲੀਸ ਨੇ ਡੀਐੱਸਪੀ ਤਰਸੇਮ ਮਸੀਹ ਦੀ ਅਗਵਾਈ ਵਿੱਚ ਕਰਵਾਈ ਕਰਦਿਆਂ ਦੁਕਾਨ ਦੇ ਅੰਦਰ ਲੱਗੇ ਸੀਸੀਟੀ ਵੀ ਕੈਮਰਿਆਂ ਦੀ ਪੜਤਾਲ ਕੀਤੀ ਹੈ। ਤਰਨ ਤਾਰਨ ਸ਼ਹਿਰ ਦੇ ਮੁੱਖ ਤਹਿਸੀਲ ਬਾਜ਼ਾਰ ਵਿੱਚ ਲਾਲਪੁਰੀਆਂ ਦੀ ਹੱਟੀ ਸ਼ਿਵ ਜਿਊਲਰ ਦੇ ਮਾਲਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਬੀਤੇ ਦਿਨ ਉਸ ਦੇ ਮੋਬਾਈਲ ’ਤੇ ਵਟਸਐਪ ’ਤੇ ਕਾਲ ਕਰਦੇ ਲੁਟੇਰੇ ਨੇ ਉਸ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਅਤੇ ਨਾ ਦੇਣ ਤੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੀ ਧਮਕੀ ਦਿੱਤੀ ਸੀ। ਪਰਮਿੰਦਰ ਸਿੰਘ ਨੇ ਏਨੀ ਰਕਮ ਦੇਣ ਤੋਂ ਖੁੱਦ ਨੂੰ ਅਸਮਰਥ ਦੱਸਿਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।