ਗੁਰਬਖ਼ਸ਼ਪੁਰੀ
ਤਰਨ ਤਾਰਨ, 15 ਮਾਰਚ
ਕੌਮੀ ਸ਼ਾਹ ਮਾਰਗ ਨੰਬਰ-54 ਤੇ ਪਿੰਡ ਠੱਠੀਆਂ ਮਹੰਤਾਂ ਦੇ ਅੱਡੇ ’ਤੇ ਬੀਤੇ ਦਿਨੀਂ ਗੈਂਗਸਟਰਾਂ ਦੇ ਦੋ ਧੜਿਆਂ ਦਰਮਿਆਨ ਅੰਨ੍ਹੇਵਾਹ ਗੋਲੀਆਂ ਚੱਲਣ ਕਾਰਨ ਲੋਕਾਂ ਵਿੱਚ ਭਗਦੜ ਮਚ ਗਈ| ਪੱਟੀ ਨਾਲ ਸਬੰਧਿਤ ਇਹ ਇਲਾਕਾ ਪਹਿਲਾਂ ਹੀ ਗੈਂਗਸਟਰਾਂ ਵਿਚਾਲੇ ਹੁੰਦੀ ਆ ਰਹੀ ਕਸ਼ਮਕਸ਼ ਕਰਕੇ ਚਰਚਾ ਵਿੱਚ ਚਲਦਾ ਆ ਰਿਹਾ ਹੈ| ਜਾਣਕਾਰੀ ਅਨੁਸਾਰ ਗੈਂਗਸਟਰਾਂ ਦੇ ਦੋ ਧੜਿਆਂ ਦਰਮਿਆਨ ਨਸ਼ਿਆਂ ਦੀ ਵਿਕਰੀ ਦੇ ਤਕਰਾਰ ਨੂੰ ਲੈ ਕੇ ਦੋਹਾਂ ਧੜਿਆਂ ਨੇ ਇਕ ਦੂਸਰੇ ਨੂੰ ਵੰਗਾਰਿਆ ਅਤੇ ਜ਼ੋਰ ਆਜਮਾਈ ਕਰਨ ਲਈ ਠੱਠੀਆਂ ਮਹੰਤਾਂ ਇੱਕਠੇ ਹੋਣ ਲਈ ਕਿਹਾ| ਮਿੱਥੇ ਸਮੇਂ ਤੇ ਦੋਵੇਂ ਧੜੇ ਮੌਕੇ ’ਤੇ ਆ ਗਏ| ਦੋਹਾਂ ਨੇ ਕੌਮੀ ਸ਼ਾਹ ਮਾਰਗ ਦੇ ਦਰਖਤਾਂ ਪਿੱਛੇ ਮੋਰਚਾ ਬੰਦੀ ਕਰ ਲਈ ਅਤੇ ਇਕ ਦੂਸਰੇ ਵੱਲ ਗੋਲੀਆਂ ਦਾਗਨੀਆਂ ਸ਼ੁਰੂ ਕਰ ਦਿੱਤੀਆਂ| ਗੋਲੀਆਂ ਦੀ ਆਵਾਜ਼ ਸੁਣ ਕੇ ਆਸ ਪਾਸ ਦੇ ਲੋਕਾਂ ਵਿੱਚ ਭਗਦੜ ਮਚ ਗਈ| ਲੋਕਾਂ ਨੇ ਇਧਰ ਉੱਧਰ ਦੌੜ-ਭੱਜ ਕਰਕੇ ਆਪਣੀਆਂ ਜਾਨਾਂ ਬਚਾਈਆਂ| ਇਸ ਸਬੰਧੀ ਸਰਹਾਲੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਣਕਾਰੀ ਇਕੱਤਰ ਕੀਤੀ| ਪੁਲੀਸ ਨੂੰ ਵਾਰਦਾਤ ਸਬੰਧੀ ਸੂਚਨਾ ਪਿੰਡ ਦੇ ਵਾਸੀ ਰਘਬੀਰ ਸਿੰਘ ਵਲੋਂ ਦਿੱਤੀ ਗਈ| ਉਸ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀਆਂ ਨੇ ਅਚਾਨਕ ਸ਼ਾਹ ਮਾਰਗ ’ਤੇ ਸਥਿਤ ਸਤਿਕਾਰ ਹਵੇਲੀ ਸਾਹਮਣੇ ਗੋਲੀਆਂ ਚਲਾਈਆਂ| ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕੀਤਾ ਹੈ| ਅਗਲੇਰੀ ਕਾਰਵਾਈ ਏਐਸਆਈ ਗੁਰਪਾਲ ਸਿੰਘ ਵਲੋਂ ਕੀਤੀ ਜਾ ਰਹੀ ਹੈ| ਇਲਾਕੇ ਦੇ ਪਿੰਡ ਹਰੀਕੇ ਦੇ ਵਾਸੀ ਕੈਨੇਡਾ ਵਿੱਚ ਰਹਿ ਰਹੇ ਗੈਂਗਸਟਰ ਲਖਬੀਰ ਸਿੰਘ ਲੰਡਾ ਵਲੋਂ ਆਏ ਦਿਨ ਇੱਧਰ ਦੇ ਕਾਰੋਬਾਰੀਆਂ ਨੂੰ ਵੱਟਸਐਪ ਕਾਲਾਂ ਕਰਕੇ ਫਿਰੌਤੀ ਦੀ ਕੀਤੀ ਜਾ ਰਹੀ ਮੰਗ ਪੁਲੀਸ ਅਤੇ ਪੀੜਤਾਂ ਲਈ ਡਾਢੀ ਚਿੰਤਾ ਦਾ ਕਾਰਨ ਹੈ| ਇਸ ਸਬੰਧੀ ਪੱਟੀ ਪੁਲੀਸ ਨੇ ਬੀਤੇ 10 ਦਿਨਾਂ ਅੰਦਰ ਦੋ ਕੇਸ ਦਰਜ ਕੀਤੇ ਹਨ।