ਪੱਤਰ ਪ੍ਰੇਰਕ
ਪਠਾਨਕੋਟ, 7 ਅਪਰੈਲ
ਗੁਰੂ ਨਾਭਾ ਦਾਸ ਦੇ 450ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ 1008 ਮਹੰਤ ਦਿਕਨ ਦਾਸ ਜਗਨਨਾਥ ਪੁਰੀ ਵਾਲੇ, ਮਹੰਤ ਯੋਗੀ ਨਾਰਾਇਣ ਦਾਸ ਅਤੇ ਮਹੰਤ ਸਾਂਵਰੀਆ ਦਾਸ ਦੀ ਅਗਵਾਈ ਹੇਠ ਕੱਢੀ ਗਈ। ਸ਼ੋਭਾ ਯਾਤਰਾ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਵਿਧਾਇਕ ਨਰੇਸ਼ ਪੁਰੀ, ਸਾਬਕਾ ਵਿਧਾਇਕ ਜੋਗਿੰਦਰ ਪਾਲ, ਮੇਅਰ ਪੰਨਾ ਲਾਲ ਭਾਟੀਆ ਤੇ ਅਮਿਤ ਸਿੰਘ ਮੰਟੂ ਅਤੇ ਰਾਜ ਕੁਮਾਰ ਗੁਪਤਾ, ਗੁਰੂ ਨਾਭਾ ਦਾਸ ਸੇਵਾ ਸਮਿਤੀ ਦੇ ਚੀਫ਼ ਆਰਗੇਨਾਈਜ਼ਰ ਪ੍ਰਸ਼ੋਤਮ ਭਜੂਰਾ, ਅਮਰਨਾਥ ਤੇ ਦਰਸ਼ਨ ਕੁਮਾਰ ਵੀ ਸ਼ਾਮਲ ਸਨ। ਇਹ ਸ਼ੋਭਾ ਯਾਤਰਾ ਪਿੰਡ ਭਰੋਲੀ ਸਥਿਤ ਬਾਬਾ ਪੰਜ ਪੀਰ ਦੀ ਦਰਗਾਹ ਤੋਂ ਸ਼ੁਰੂ ਹੋਈ ਅਤੇ ਪਠਾਨਕੋਟ ਸ਼ਹਿਰ ਦੇ ਵਾਲਮੀਕਿ ਚੌਕ, ਗਾਂਧੀ ਚੌਕ ਤੇ ਢਾਂਗੂ ਰੋਡ ਤੋਂ ਹੁੰਦੇ ਹੋਏ ਸ਼ਹੀਦ ਭਗਤ ਸਿੰਘ ਚੌਕ ਵਿੱਚ ਪੁੱਜ ਕੇ ਸਮਾਪਤ ਹੋਈ।
ਇਸ ਮੌਕੇ ਸ਼ੋਭਾ ਯਾਤਰਾ ਦਾ ਬਾਜ਼ਾਰਾਂ ਵਿੱਚੋਂ ਲੰਘਣ ’ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਟਰਾਲੀਆਂ ਵਿੱਚ ਸੰਗਤਾਂ ਭਜਨ ਗਾ ਰਹੀਆਂ ਸਨ ਜਦਕਿ ਕਈ ਟਰਾਲੀਆਂ ਵਿੱਚ ਗੁਰੂ ਨਾਭਾ ਦਾਸ ਦੇ ਚਿੱਤਰ ਸਜਾਏ ਗਏ ਸਨ।