ਪੱਤਰ ਪ੍ਰੇਰਕ
ਪਠਾਨਕੋਟ, 18 ਮਾਰਚ
ਸ਼ਹਿਰ ਦੀ ਮੁੱਖ ਸੜਕ ਏਪੀਕੇ ਰੋਡ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਪੀਡਬਲਯੂਡੀ ਵਿਭਾਗ ਵੱਲੋਂ ਬਹੁਤ ਜਲਦਬਾਜ਼ੀ ਵਿੱਚ ਅਤੇ ਗੈਰ-ਯੋਜਨਾਬੰਦੀ ਨਾਲ ਕੀਤਾ ਜਾ ਰਿਹਾ ਹੈ। ਇਸ ਕਾਰਨ ਇਸ ਸੜਕ ’ਤੇ ਪੈਂਦਾ 42 ਸਾਲਾ ਪੁਰਾਣਾ ਸੀਵਰ ਖਸਤਾ ਹਾਲਤ ਵਿੱਚ ਹੋਣ ਕਰਕੇ ਇੱਕ ਜਗ੍ਹਾ ਤੋਂ ਬੈਠ ਗਿਆ। ਇਸ ਕਰਕੇ ਨਗਰ ਸੁਧਾਰ ਟਰੱਸਟ ਨੇ ਹਾਲੇ ਕੱਲ੍ਹ ਹੀ ਬਣਾਈ ਗਈ ਸੜਕ ਪੁੱਟ ਕੇ ਸੀਵਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਸਥਾਨਕ ਦੁਕਾਨਦਾਰਾਂ ਮਨੋਜ ਅਰੋੜਾ, ਚਮਨ ਲਾਲ, ਦੀਪਕ ਕੁਮਾਰ, ਨਰੇਸ਼ ਕੁਮਾਰ, ਵਿਕਾਸ ਮਹਾਜਨ, ਅਸ਼ੋਕ ਅਰੋੜਾ ਆਦਿ ਨੇ ਖਦਸ਼ਾ ਪ੍ਰਗਟ ਕੀਤਾ ਕਿ ਪਹਿਲੀ ਬਰਸਾਤ ਵਿੱਚ ਹੀ ਇਹ ਸੜਕ ਟੁੱਟਣੀ ਸ਼ੁਰੂ ਹੋ ਜਾਵੇਗੀ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਨੇ ਦੱਸਿਆ ਕਿ ਨਵਾਂ ਸੀਵਰ ਵਿਛਾਉਣ ਲਈ 3 ਕਰੋੜ ਰੁਪਏ ਦਾ ਐਸਟੀਮੇਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ। ਮਨਜ਼ੂਰੀ ਮਿਲਣ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।