ਨਰਿੰਦਰ ਸਿੰਘ
ਭਿੱਖੀਵਿੰਡ, 30 ਜੂਨ
ਆਰਟੀਆਈ ਵਿੱਚ ਪਿੰਡ ਪੱਧਰੀ ਕਲਾਂ ’ਚ ਪੰਚਾਇਤੀ ਫੰਡਾਂ ਅਤੇ ਵੱਖ-ਵੱਖ ਸਕੀਮਾਂ ਰਾਹੀਂ ਆਏ ਪੈਸਿਆਂ ਦੀ ਦੁਰਵਰਤੋਂ ਅਤੇ ਲੱਖਾਂ ਰੁਪਏ ਦੀ ਕਥਿਤ ਘਪਲੇਬਾਜ਼ੀ ਦਾ ਖੁਲਾਸਾ ਹੋਇਆ ਹੈ।
ਆਰਟੀਆਈ ਪਾਉਣ ਵਾਲੇ ਭਗਵੰਤ ਸਿੰਘ ਤੋਂ ਇਲਾਵਾ ਕਾਂਗਰਸ ਦੇ ਸੂਬਾ ਸਕੱਤਰ ਸਲਵਿੰਦਰ ਸਿੰਘ ਪੱਧਰੀ, ਪਲਵਿੰਦਰ ਸਿੰਘ, ਬਲਵਿੰਦਰ ਸਿੰਘ, ਚਮਕੌਰ ਸਿੰਘ ਤਿੰਨ ਪੰਚਾਇਤ ਮੈਂਬਰ ਅਤੇ ਸਮੂਹ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸਰਪੰਚ ਰਛਪਾਲ ਕੌਰ ਦੇ ਪਤੀ ਦਾ ਦਿਲਬਾਗ ਸਿੰਘ ਤੋਂ ਇਲਾਵਾ ਦੂਜਾ ਨਾਮ ਬੱਗਾ ਸਿੰਘ ਹੈ। ਦੋਵਾਂ ਨਾਵਾਂ ’ਤੇ ਹੀ ਦੋ ਵੋਟਰ ਸਨਾਖ਼ਤੀ ਕਾਰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਮਨਰੇਗਾ ਦੇ ਪੈਸਿਆਂ ਦੀਆਂ 80 ਦੇ ਕਰੀਬ ਐਂਟਰੀਆਂ ਹਨ, ਜਿਸ ਵਿੱਚ ਸਰਪੰਚ, ਉਸ ਦੇ ਪਤੀ ਅਤੇ ਪੁੱਤਰ ਦੀਆਂ ਦਿਹਾੜੀਆਂ ਵੀ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਇੱਕ ਬੋਰ ਕਰਾਉਣ ਦੇ ਨਾਂ ’ਤੇ ਕਰੀਬ 6 ਲੱਖ ਰੁਪਏ ਦੀ ਰਕਮ ਖੁਰਦ-ਬੁਰਦ ਕੀਤੀ ਗਈ ਹੈ, ਜਦਕਿ ਬੋਰ ਲੱਗਿਆ ਹੀ ਨਹੀਂ। ਇਸੇ ਤਰਾਂ ਪਿੰਡ ਦੇ ਵਿਕਾਸ ਲਈ ਇੱਟਾਂ, ਸੀਮਿੰਟ, ਰੇਤਾ ਅਤੇ ਬੱਜਰੀ ਦੇ ਕਥਿਤ ਫ਼ਰਜ਼ੀ ਬਿੱਲ ਪਾਸ ਕਰਾਏ ਗਏ ਹਨ। ਆਰਟੀਆਈ ਤਹਿਤ ਹੋਏ ਖੁਲਾਸੇ ਵਿੱਚ ਸਿਰਫ ਇੱਕ ਸਾਲ ਦੇ ਦੌਰਾਨ ਹੋਏ ਘਪਲੇ ਦੀ ਰਕਮ ਕਰੀਬ 26 ਤੋਂ 27 ਲੱਖ ਦੇ ਦਰਮਿਆਨ ਦੱਸੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਏਡੀਸੀ ਨੂੰ ਸੌਂਪੀ ਸੀ।
ਸਰਪੰਚ ਦੇ ਪਤੀ ਨੇ ਕਿਹਾ ਕਿ ਉਸ ਦਾ ਨਾਂ ਦਿਲਬਾਗ ਸਿੰਘ ਹੈ ਅਤੇ ਛੋਟਾ ਨਾਂ ਬੱਗਾ ਸਿੰਘ ਵੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸੱਤ ਲੱਖ ਰੁਪਏ ਦੀ ਗਰਾਂਟ ਜਾਰੀ ਹੋਈ ਸੀ, ਜੋ ਪਿੰਡ ਦੇ ਵਿਕਾਸ ’ਤੇ ਖ਼ਰਚੀ ਗਈ ਹੈ। ਹਾਲਾਂਕਿ ਉਹ ਪੰਚਾਇਤੀ ਜ਼ਮੀਨ ਦੀ ਬੋਲੀ ਦੀ 19 ਲੱਖ 87 ਹਜ਼ਾਰ ਰੁਪਏ ਦੀ ਰਕਮ ਬਾਰੇ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਤਰਨ ਤਾਰਨ ਦੇ ਬੀਡੀਪੀਓ ਪ੍ਰਗਟ ਸਿੰਘ ਨੇ ਕਿਹਾ ਕਿ ਸਰਕਾਰੀ ਪੈਸਿਆਂ ਦੀ ਦੁਰਵਰਤੋਂ ਸਬੰਧੀ ਜਾਂਚ ਕਰਵਾਈ ਜਾਵੇਗੀ।