ਤੇਜਿੰਦਰ ਸਿੰਘ ਖਾਲਸਾ
ਚੋਹਲਾ ਸਾਹਿਬ, 19 ਫਰਵਰੀ
ਜੰਮੂ ਕਸ਼ਮੀਰ ਰਾਜਸਥਾਨ ਰਾਸ਼ਟਰੀ ਮਾਰਗ 54 ਉੱਪਰ ਸਥਿਤ ਕਸਬਾ ਨੌਸ਼ਹਿਰਾ ਪੰਨੂਆਂ ਵਿੱਚ ਅੱਜ ਲੁਟੇਰਿਆਂ ਨੇ ਐਚਡੀਐਫਸੀ ਬੈਂਕ ਨੂੰ ਨਿਸ਼ਾਨਾ ਬਣਾਉਂਦਿਆਂ 30 ਲੱਖ ਰੁਪਏ ਦੀ ਨਕਦੀ ਲੁੱਟ ਲਈ। ਲੁਟੇਰੇ ਜਾਂਦੇ ਹੋਏ ਡੀਵੀਆਰ ਤੇ ਗਾਰਡ ਦੀ ਰਾਈਫਲ ਵੀ ਨਾਲ ਲੈ ਗਏ। ਸਰਹਾਲੀ ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਦਿਆਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
ਸੂਤਰਾਂ ਅਨੁਸਾਰ ਕਸਬਾ ਨੌਸ਼ਹਿਰਾ ਪੰਨੂਆਂ ਵਿੱਚ ਸਥਿਤ ਐਚਡੀਐਫਸੀ ਬੈਂਕ ਵਿਚ ਬਾਅਦ ਦੁਪਹਿਰ ਸਵਾ ਦੋ ਵਜੇ ਦੇ ਕਰੀਬ ਤਿੰਨ ਲੁਟੇਰੇ ਦਾਖਲ ਹੋਏ। ਇਕ ਨੇ ਬੈਂਕ ਦੇ ਗੇਟ ਉੱਪਰ ਤਾਇਨਾਤ ਸੁਰੱਖਿਆ ਗਾਰਡ ਦੇ ਸਿਰ ਵਿਚ ਪਿਸਤੌਲ ਦਾ ਬੱਟ ਮਾਰ ਕੇ ਉਸ ਤੋਂ ਰਾਈਫਲ ਖੋਹ ਲਈ। ਪਿਸਤੌਲ ਦਿਖਾ ਕੇ ਇਨ੍ਹਾਂ ਲੁਟੇਰਿਆਂ ਨੇ ਤਿੰਨ ਲੱਖ ਰੁਪਏ ਦੀ ਨਕਦੀ, ਮਹਿਲਾ ਖ਼ਜ਼ਾਨਚੀ ਦੇ ਗੱਲੇ ਵਿਚ ਪਈ ਸੋਨੇ ਦੀ ਚੇਨੀ ਤੇ ਬੈਂਕ ਸਟਾਫ ਦੇ ਮੋਬਾਈਲ ਲੈ ਲਏ ਤੇ ਫਰਾਰ ਹੋ ਗਏ। ਲੁਟੇਰੇ ਜਾਂਦੇ ਹੋਏ ਸੀਸੀਟੀਵੀ ਦਾ ਡੀਵੀਆਰ ਵੀ ਨਾਲ ਲੈ ਗਏ। ਇਹ ਲੁਟੇਰੇ ਦੋ ਮੋਟਰਸਾਈਕਲਾਂ ’ਤੇ ਆਏ ਸਨ ਤੇ ਮੋਟਰਸਾਈਕਲਾਂ ’ਤੇ ਹੀ ਫਰਾਰ ਹੋ ਗਏ। ਘਟਨਾ ਦਾ ਪਤਾ ਲੱਗਦੇ ਹੀ ਐਸਪੀ (ਆਈ) ਵਿਸ਼ਾਲਜੀਤ ਸਿੰਘ, ਸਬ ਡਿਵੀਜ਼ਨ ਪੱਟੀ ਦੇ ਡੀਐੱਸਪੀ ਮਨਿੰਦਰਪਾਲ ਸਿੰਘ, ਡੀਐੱਸਪੀ (ਆਈ) ਦੇਵ ਦੱਤ ਸ਼ਰਮਾ, ਥਾਣਾ ਸਰਹਾਲੀ ਦੇ ਮੁਖੀ ਕੁਲਵੰਤ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਇਲਾਕੇ ਦੀ ਨਾਕਾਬੰਦੀ ਕਰਵਾ ਕੇ ਲੁਟੇਰਿਆਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ।