ਪੱਤਰ ਪ੍ਰੇਰਕ
ਪਠਾਨਕੋਟ, 25 ਅਗਸਤ
ਨੈਸ਼ਨਲ ਹਾਈਵੇਅ ’ਤੇ ਪੰਜਾਬ-ਹਿਮਾਚਲ ਨੂੰ ਲਿੰਕ ਕਰਦੇ ਚੱਕੀ ਦਰਿਆ ਉੱਪਰ ਸੜਕ ਵਾਲਾ ਪੁਲ ਅਜੇ ਨੈਸ਼ਨਲ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਦੇ ਅਧਿਕਾਰੀਆਂ ਨੇ ਮੁੜ ਖੋਲ੍ਹਿਆ ਹੀ ਸੀ ਕਿ ਬੀਤੀ ਰਾਤ ਮੁੜ ਚੱਕੀ ਦਰਿਆ ਵਿੱਚ ਹੜ੍ਹ ਦਾ ਪਾਣੀ ਆ ਗਿਆ। ਇਸ ਨਾਲ ਪ੍ਰਸ਼ਾਸਨ ਨੂੰ ਮੁੜ ਪੁਲ ਉੱਪਰੋਂ ਟ੍ਰੈਫਿਕ ਬੰਦ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੁਲ ਕੁਝ ਦਿਨ ਪਹਿਲਾਂ ਪਾਣੀ ਦੇ ਖਤਰੇ ਹੇਠ ਆ ਗਿਆ ਸੀ ਜਦ ਕਿ ਇਸ ਦੇ ਬਰਾਬਰ ਰੇਲਵੇ ਦਾ ਪੁਲ ਦਰਿਆ ਵਿੱਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਗਿਆ ਸੀ। ਉਸ ਵੇਲੇ ਪ੍ਰਸ਼ਾਸਨ ਨੇ ਸੜਕੀ ਮਾਰਗ ਵਾਲੇ ਪੁਲ ਉੱਪਰੋਂ ਟ੍ਰੈਫਿਕ ਲੰਘਣ ਦੀ ਮਨਾਹੀ ਕਰ ਦਿੱਤੀ ਸੀ ਪਰ ਐੱਨਐੱਚਏਆਈ ਦੇ ਅਧਿਕਾਰੀਆਂ ਦੀ ਟੀਮ ਪੁਲ ਦੇ ਨਿਰੀਖਣ ਲਈ ਪੁੱਜੀ। ਟੀਮ ਨੇ ਚੱਕੀ ਦਰਿਆ ਅੰਦਰ ਮਸ਼ੀਨਾਂ ਲਗਾ ਕੇ ਦਰਿਆ ਦੇ ਪਾਣੀ ਦੇ ਵਹਾਅ ਨੂੰ ਮਿੱਟੀ ਪਾ ਕੇ ਦੂਜੇ ਪਾਸੇ ਕਰ ਦਿੱਤਾ ਸੀ। ਇਸ ਤਰ੍ਹਾਂ ਟੀਮ ਨੇ ਜਿਸ ਪਿੱਲਰ ਦੀ ਨੀਂਹ ਖਤਰੇ ਹੇਠ ਆਈ ਸੀ, ਦਾ ਖਤਰਾ ਆਰਜ਼ੀ ਤੌਰ ’ਤੇ ਟਾਲ ਦਿੱਤਾ ਅਤੇ ਪੁਲ ਤੋਂ ਟ੍ਰੈਫਿਕ ਬਹਾਲ ਕਰਨ ਦਾ ਫੈਸਲਾ ਕਰ ਦਿੱਤਾ। ਐੱਨਐੱਚਏਆਈ ਦੀ ਟੀਮ ਵੱਲੋਂ ਪਾਣੀ ਦੇ ਵਹਾਅ ਨੂੰ ਬਦਲਣ ਲਈ ਜੋ ਮਿੱਟੀ ਪਾਈ ਗਈ ਸੀ, ਉਹ ਬੀਤੀ ਰਾਤ ਆਏ ਹੜ੍ਹ ਦੇ ਪਾਣੀ ਨਾਲ ਮੁੜ ਰੁੜ੍ਹ ਗਈ ਅਤੇ ਪਾਣੀ ਦਾ ਵਹਾਅ ਫਿਰ ਉਸੇ ਖਤਰੇ ਹੇਠ ਆਏ ਪਿੱਲਰ ਨਾਲ ਟਕਰਾ ਕੇ ਲੰਘਣਾ ਸ਼ੁਰੂ ਹੋ ਗਿਆ। ਇਸ ’ਤੇ ਅਧਿਕਾਰੀਆਂ ਨੇ ਅੱਜ ਮੁੜ ਪੁਲ ਨੂੰ ਬੰਦ ਕਰ ਦਿੱਤਾ।