ਪੱਤਰ ਪ੍ਰੇਰਕ
ਪਠਾਨਕੋਟ, 31 ਮਈ
ਪਠਾਨਕੋਟ ਤੋਂ ਕਾਂਗੜਾ, ਪਾਲਮਪੁਰ ਅਤੇ ਬੈਜਨਾਥ ਜਾਣ ਵਾਲੇ ਯਾਤਰੀਆਂ ਲਈ ਪਿਛਲੇ ਸਵਾ 2 ਸਾਲ ਤੋਂ ਬੰਦ ਪਈ ਰਾਤ ਸਮੇਂ ਦੀ ਰੇਲ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ। ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਜਾਰੀ ਆਦੇਸ਼ ਬਾਅਦ ਪਠਾਨਕੋਟ ਰੇਲਵੇ ਨੇ ਰਾਤ ਨੂੰ 2:05 ਵਜੇ ਬੈਜਨਾਥ ਜਾਣ ਵਾਲੀ ਰੇਲ ਸੇਵਾ ਨੂੰ ਸ਼ੁਰੂ ਕਰ ਦਿੱਤਾ ਹੈ। ਰਾਤ ਦੀ ਇਹ ਰੇਲ ਸੇਵਾ ਸ਼ੁਰੂ ਹੋਣ ਬਾਅਦ ਨੌਕਰੀਪੇਸ਼ਾ ਵਾਲੇ ਯਾਤਰੀਆਂ ਨੂੰ ਰਾਹਤ ਮਿਲੀ ਹੈ। ਇਸ ਦੇ ਇਲਾਵਾ ਸ਼ਹਿਰ ਦੇ ਕਾਰੋਬਾਰੀਆਂ ਨੂੰ ਵੀ ਕਾਫੀ ਲਾਭ ਹੋਵੇਗਾ।
ਜ਼ਿਕਰਯੋਗ ਹੈ ਕਿ ਕੋਵਿਡ ਕਾਰਨ ਰੇਲਵੇ ਵੱਲੋਂ ਪੂਰੇ ਦੇਸ਼ ਵਿੱਚ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਦੇ ਇਲਾਵਾ ਪੈਸੇਂਜਰ ਰੇਲ ਗੱਡੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਮਾਰਚ 2020 ਵਿੱਚ ਕੋਵਿਡ ਦੇ 6 ਮਹੀਨੇ ਬਾਅਦ ਰੇਲਵੇ ਨੇ ਹੌਲੀ-ਹੌਲੀ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਚਲਾ ਕੇ ਯਾਤਰੀਆਂ ਨੂੰ ਰਾਹਤ ਪਹੁੰਚਾਈ ਸੀ। ਅਜੇ ਵੀ ਅੰਮ੍ਰਿਤਸਰ, ਜਲੰਧਰ ਸੈਕਸ਼ਨ ਤੇ ਕਈ ਪੈਸੇਂਜਰ ਰੇਲ ਗੱਡੀਆਂ ਬੰਦ ਪਈਆਂ ਹਨ। ਇਨ੍ਹਾਂ ਰੇਲ ਗੱਡੀਆਂ ਨੂੰ ਰੇਲਵੇ ਵੱਲੋਂ ਹੌਲੀ-ਹੌਲੀ ਸ਼ੁਰੂ ਕੀਤਾ ਜਾ ਰਿਹਾ ਹੈ। ਨੈਰੋਗੇਜ ਸੈਕਸ਼ਨ ਤੇ ਰਾਤ ਸਮੇਂ ਦੀ ਰੇਲ ਸੇਵਾ ਸ਼ੁਰੂ ਹੋਣ ਦੇ ਬਾਅਦ ਪਠਾਨਕੋਟ-ਜੋਗਿੰਦਰਨਗਰ ਸੈਕਸ਼ਨ ’ਤੇ ਚੱਲਣ ਵਾਲੀਆਂ ਸਾਰੀਆਂ 7 ਰੇਲ ਗੱਡੀਆਂ ਪਟੜੀ ’ਤੇ ਆ ਗਈਆਂ ਹਨ।