ਪੱਤਰ ਪ੍ਰੇਰਕ
ਗੁਰਦਾਸਪੁਰ, 1 ਜਨਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ‘ਚ ਲੜੇ ਸੰਘਰਸ਼ ਨੂੰ ਫਤਹਿ ਕਰਨ ਦੀ ਖੁਸ਼ੀ ‘ਚ ਪਿੰਡ ਭਾਗੋਕਾਵਾਂ ਵਿੱਚ ਪੰਜਾਬ ਕਿਸਾਨ ਯੂਨੀਅਨ ਵੱਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਸਾਬਕਾ ਸੈਨਿਕ ਸੰਘਰਸ਼ ਕਮੇਟੀ, ਜਵਾਨ ਤੇ ਕਿਸਾਨ ਭਲਾਈ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਅਤੇ ਜ਼ਿਲ੍ਹਾ ਆਗੂਆਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਦਿੱਲੀ ਬਾਰਡਰ ‘ਤੇ ਹਾਜ਼ਰੀ ਭਰਨ ਵਾਲਿਆਂ ਬੀਬੀਆਂ ਨੂੰ ਵੀ ਸਨਮਾਨ ਪੱਤਰ ਸੌਂਪੇ ਗਏ। ਸੂਬਾਈ ਆਗੂ ਬਲਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਲੋਕਾਂ ਦਾ ਵਿਸ਼ਾਲ ਏਕਾ ਕਾਇਮ ਕਰਨ ਵਿਚ ਕਾਮਯਾਬ ਰਿਹਾ ਹੈ।
ਕਾਹਨੂੰਵਾਨ (ਪੱਤਰ ਪ੍ਰੇਰਕ): ਪੰਜਾਬ ਕਿਸਾਨ ਯੂਨੀਅਨ ਵੱਲੋਂ ਧੰਨਵਾਦੀ ਦੌਰੇ ਦੌਰਾਨ ਇੱਥੋਂ ਨਜ਼ਦੀਕੀ ਪਿੰਡ ਭੱਟੀਆਂ ਵਿੱਚ ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੰਜਾਬ ਕਿਸਾਨ ਯੂਨੀਅਨ ਦੇ ਉਪ ਪ੍ਰਧਾਨ ਸੁਖਵੰਤ ਸਿੰਘ ਸਠਿਆਲੀ ਨੇ ਦੱਸਿਆ ਕਿ ਦਿੱਲੀ ਬਾਰਡਰਾਂ ਉੱਤੇ ਚੱਲੇ ਸ਼ਾਨਾਂ ਮਤੇ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਵਾਲੇ ਕਿਸਾਨਾਂ ਦਾ ਸਨਮਾਨ ਕਰਨ ਲਈ ਰੱਖੇ ਪ੍ਰੋਗਰਾਮ ਵਿੱਚ ਭੱਟੀਆਂ ਅਤੇ ਜਾਗੋਵਾਲ ਬਾਂਗਰ ਦੇ 50 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਮੋਰਚੇ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਕਿਸਾਨਾਂ ਦਾ ਸਨਮਾਨ ਪੱਤਰ ਅਤੇ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ।
ਜੈਂਤੀਪੁਰ (ਪੱਤਰ ਪ੍ਰੇਰਕ): ਕਿਸਾਨ-ਮਜ਼ਦੂਰ ਆਗੂਆਂ ਦਾ ਅੱਜ ਮਜੀਠਾ ਹਲਕੇ ਦੇ ਪੰਥਕ ਅਤੇ ਆਜ਼ਾਦ ਗਰੁੱਪ ਆਗੂ ਚੇਅਰਮੈਨ ਪ੍ਰਗਟ ਸਿੰਘ ਚੌਗਾਵਾਂ ਵੱਲੋਂ ਪਿੰਡ ਚੌਗਾਵਾਂ ਦੇ ਗੁਰਦੁਆਰਾ ਸਾਹਿਬ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇੱਥੇ ਅੱਜ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸਨਮਾਨ ਸਮਾਰੋਹ ਵਿੱਚ ਕਿਸਾਨ ਮਜ਼ਦੂਰ- ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ, ਸਵਿਦਰ ਸਿੰਘ ਰੂਪੋਵਾਲੀ ਜ਼ੋਨ ਪ੍ਰਧਾਨ, ਬਲਜੀਤ ਸਿੰਘ ਤਰਸਿੱਕਾ ਬਲਾਕ ਪ੍ਰਧਾਨ ਤੇ ਸੁਖਦੇਵ ਸਿੰਘ ਤਰਸਿੱਕਾ ਆਦਿ ਨੂੰ ਸਨਮਾਨਤ ਕੀਤਾ ਗਿਆ।