ਪੱਤਰ ਪ੍ਰੇਰਕ
ਧਾਰੀਵਾਲ, 24 ਜਨਵਰੀ
ਵਿਧਾਨ ਸਭਾ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਸ਼ੇਰ ਸਿੰਘ ਕਲਸੀ (ਸ਼ੈਰੀ ਕਲਸੀ) ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਇਥੋਂ ਨਜ਼ਦੀਕੀ ਪਿੰਡ ਕਲੇਰ ਖੁਰਦ ਦੇ ਕਈ ਪਰਿਵਾਰਾਂ ਦੇ ਮੁਖੀਆਂ ਅਤੇ ਨੌਜਵਾਨਾਂ ਨੇ ਰਵਾਇਤੀ ਪਾਰਟੀਆਂ ਦਾ ਪੱਲਾ ਛੱਡ ਕੇ ‘ਆਪ’ ਨੂੰ ਸਮਰਥਨ ਦਾ ਐਲਾਨ ਕੀਤਾ। ਇਸ ਮੌਕੇ ‘ਆਪ’ ਵਿੱਚ ਸ਼ਾਮਲ ਹੋਏ ਪਿੰਡ ਦੇ ਨੰਬਰਦਾਰ ਜੈਮਲ ਸਿੰਘ, ਅਜੀਤ ਸਿੰਘ, ਸਵਿੰਦਰ ਸਿੰਘ, ਅਜੈ ਕੁਮਾਰ ਆਦਿ ਦਾ ਸ਼ੈਰੀ ਕਲਸੀ ਨੇ ਪਾਰਟੀ ’ਚ ਆਉਣ ’ਤੇ ਸਵਾਗਤ ਕਰਦਿਆਂ ਸਨਮਾਨ ਕੀਤਾ। ਚੋਣ ਮੀਟਿੰਗ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਸ਼ੈਰੀ ਕਲਸੀ ਨੇ ਕਿਹਾ ਰਵਾਇਤੀ ਪਾਰਟੀਆਂ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ‘ਆਪ’ ਦੀਆਂ ਨੀਤੀਆਂ ਅਤੇ ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ ਨੂੰ ਭਰਵਾ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਮਨਦੀਪ ਸਿੰਘ ਗਿੱਲ ਜ਼ਿਲ੍ਹਾ ਯੂਥ ਪ੍ਰਧਾਨ, ਰਣਜੀਤ ਸਿੰਘ ਕਾਹਲੋਂ ਬਲਾਕ ਇੰਚਾਰਜ, ਗੁਰਦੀਪ ਸਿੰਘ ਸਿੱਧੂ ਸਰਕਲ ਪ੍ਰਧਾਨ, ਰਾਜਬੀਰ ਸਿੰਘ ਰੰਧਾਵਾ, ਮੇਜਰ ਸਿੰਘ ਬਿੱਧੀਪੁਰ ਕਿਸਾਨ ਵਿੰਗ ਜ਼ਿਲ੍ਹਾ ਜੁਆਇੰਟ ਸੈਕਟਰੀ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।
ਇੰਦਰਬੀਰ ਸਿੰਘ ਨਿੱਜਰ ਵੱਲੋਂ ਚੋਣ ਪ੍ਰਚਾਰ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਪੰਜਾਬ ਵਾਸੀਆਂ ‘ਚ ‘ਆਪ’ ਪ੍ਰਤੀ ਪਿਆਰ ਹੋਰ ਵਧਿਆ ਹੈ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਬੁਖਲਾਹਟ ਵਿਚ ਹਨ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਦੱਖਣੀ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ ਨੇ ਹਲਕੇ ਵਿੱਚ ਡੋਰ-ਟੂ-ਡੋਰ ਪ੍ਰਚਾਰ ਕਰਨ ਮੌਕੇ ਕੀਤਾ। ਡਾ. ਨਿੱਜਰ ਨੇ ਕਿਹਾ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਪ੍ਰਚਾਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਓਨਾ ਹੀ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦਾ ਇਰਾਦਾ ਲੋਕਾਂ ਵਿਚ ਪੱਕਾ ਹੁੰਦਾ ਜਾ ਰਿਹਾ ਹੈ।