ਸੁਰਜੀਤ ਮਜਾਰੀ
ਬੰਗਾ, 11 ਦਸੰਬਰ
ਬੰਗਾ ਨਹਿਰ ਵਿੱਚ ਬਾਰ੍ਹਾਂ ਲਾਵਾਰਿਸ ਪਸ਼ੂਆਂ ਦੇ ਡੁੱਬਣ ਦੀ ਸੂਚਨਾ ਮਿਲਣ ’ਤੇ ਸਥਾਨਕ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਲੋਕਾਂ ਦੇ ਸਹਿਯੋਗ ਨਾਲ ਇਨ੍ਹਾਂ ਪਸ਼ੂਆਂ ਨੂੰ ਬਚਾਅ ਲਿਆ। ਕਈ ਸਥਾਨਕ ਲੋਕਾਂ ਨੇ ਇਸ ਕੰਮ ਵਿੱਚ ਪ੍ਰਸ਼ਾਸਨ ਨੂੰ ਕਾਫੀ ਸਹਿਯੋਗ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਬੰਗਾ-ਰਜਵਾਹਾ ਨਹਿਰ ’ਚ ਕੁਝ ਲਾਵਾਰਿਸ ਪਸ਼ੂ ਘੁੰਮ ਰਹੇ ਸਨ ਕਿ ਅਚਾਨਕ ਨਹਿਰ ਵਿੱਚ ਪਾਣੀ ਦਾ ਵਹਾਅ ਵਧ ਗਿਆ। ਨਹਿਰੀ ਵਿਭਾਗ ਨੂੰ ਸੂਚਿਤ ਕਰ ਕੇ ਪਹਿਲਾਂ ਪਾਣੀ ਦਾ ਵਹਾਅ ਰੋਕਿਆ ਗਿਆ। ਮਾਲ ਵਿਭਾਗ ਦੇ ਕਾਨੂੰਗੋ ਮਨਜੀਤ ਰਾਏ ਤੇ ਪਟਵਾਰੀ ਦਵਿੰਦਰ ਬੇਗਮਪੁਰੀ ਨੇ ਮੌਕੇ ’ਤੇ ਪਹੁੰਚ ਕੇ ਸਾਧਨ ਮੁਹੱਈਆ ਕਰਵਾਏ ਅਤੇ ਲੋਕਾਂ ਦੇ ਸਹਿਯੋਗ ਨਾਲ ਨਹਿਰ ਵਿੱਚ ਡੁੱਬ ਰਹੇ ਇਨ੍ਹਾਂ ਲਾਵਾਰਿਸ ਪਸ਼ੂਆਂ ਨੂੰ ਬਾਹਰ ਕੱਢਿਆ। ਮੌਕੇ ’ਤੇ ਮੌਜੂਦ ਕਿਸਾਨ ਰਾਜਿੰਦਰ ਸਿੰਘ, ਸਰਬਜੀਤ ਸਿੰਘ ਤੇ ਸਮਾਜ ਸੇਵੀ ਡਾ. ਰਾਮੇਸ਼ ਤਲਵਾੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਰਧ ਵਰੇਸੇ ਜਾਂ ਫੰਡਰ ਪਸ਼ੂਆਂ ਨੂੰ ਇਸ ਤਰ੍ਹਾਂ ਲਾਵਾਰਿਸ ਨਾ ਛੱਡਿਆ ਜਾਵੇ ਜਿਸ ਨਾਲ ਕਿ ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਪੈ ਜਾਂਦੀ ਹੈ। ਪਿੰਡ ਹੱਪੋਵਾਲ, ਖਟਕੜ ਖੁਰਦ, ਬਾਹੜੋਵਾਲ, ਹੀਉਂ ਦੇ ਸਰਪੰਚਾਂ ਪਰਮਿੰਦਰ ਕੌਰ, ਰਾਮ ਲੁਭਾਇਆ, ਸਰਬਜੀਤ ਸਿੰਘ, ਬਲਵੀਰ ਕੌਰ ਅਤੇ ਬੰਗਾ ਦੇ ਨੰਬਰਦਾਰ ਇੰਦਰਜੀਤ ਮਾਨ ਨੇ ਕੀਤੀ ਕਿ ਇਲਾਕੇ ਵਿੱਚ ਘੁੰਮਦੇ ਲਾਵਾਰਿਸ ਪਸ਼ੂਆਂ ਦੀ ਸੰਭਾਲ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ।