ਪੱਤਰ ਪ੍ਰੇਰਕ
ਪਠਾਨਕੋਟ, 21 ਮਈ
ਇਥੇ ਸਬਜ਼ੀ ਵੇਚ ਕੇ ਆ ਰਹੇ ਰੇਹੜੀ ਚਾਲਕ ਨੂੰ ਸੁਜਾਨਪੁਰ ਦੇ ਪੁਲ ਨੰਬਰ 4 ’ਤੇ ਇੱਕ ਟਰੱਕ ਵੱਲੋਂ ਕੁਚਲਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮਦਨ ਲਾਲ ਵਾਸੀ ਵਿਸ਼ਵਕਰਮਾ ਚੌਂਕ ਸੁਜਾਨਪੁਰ ਵਜੋਂ ਹੋਈ ਹੈ।
ਐਸਐਚਓ ਨਵਦੀਪ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਲਵੀਰ ਕੁਮਾਰ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਮਦਨ ਲਾਲ ਸਬਜ਼ੀ ਵੇਚ ਕੇ ਘਰ ਜਾ ਰਿਹਾ ਸੀ। ਉਹ ਰਾਤ ਸਾਢੇ ਦਸ ਵਜੇ ਜਦੋਂ ਨੈਸ਼ਨਲ ਹਾਈਵੇਅ ਪਾਰ ਕਰ ਰਹੇ ਸਨ ਤਾਂ ਮਲਿਕਪੁਰ ਵਲੋਂ ਆ ਰਹੇ ਤੇਜ਼ ਟਰੱਕ ਨੇ ਸਿੱਧੀ ਟੱਕਰ ਮਾਰ ਦਿੱਤੀ ਅਤੇ ਉਸ ਦੇ ਭਰਾ ਨੂੰ ਰਹੇੜੀ ਸਮੇਤ ਘਸੀਟਦਾ ਹੋਇਆ ਲੈ ਗਿਆ। ਇਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਹ ਆਪਣੇ ਭਰਾ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਚ ਇਲਾਜ ਲਈ ਲੈ ਆਇਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਦਕਿ ਪੁਲੀਸ ਨੇ ਪਿੱਛਾ ਕਰਕੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ। ਡਰਾਈਵਰ ਦੀ ਪਛਾਣ ਜਸਵੀਰ ਸਿੰਘ ਵਾਸੀ ਪਿੰਡ ਮੁਗਲਾਨੀਚੱਕ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ ਜਿਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੋਸਟਮਾਰਟਮ ਕਰਵਾਉਣ ਬਾਅਦ ਲਾਸ਼ ਮ੍ਰਿਤਕ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਸੜਕ ਹਾਦਸੇ ਵਿੱਚ ਇਕ ਮੌਤ, ਦੋ ਜ਼ਖ਼ਮੀ
ਤਰਨ ਤਾਰਨ (ਪੱਤਰ ਪ੍ਰੇਰਕ): ਹਰੀਕੇ-ਪੱਟੀ ਸੜਕ ’ਤੇ ਸੜਕ ਹਾਦਸੇ ਵਿੱਚ ਇਕ ਜਣੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ| ਮ੍ਰਿਤਕ ਦੀ ਸ਼ਨਾਖਤ ਰਾਜਬਿੰਦਰ ਸਿੰਘ (30) ਵਾਸੀ ਖਾਰਾ ਵਜੋਂ ਹੋਈ ਹੈ| ਜ਼ਖ਼ਮੀਆਂ ਵਿੱਚ ਰਣਜੀਤ ਸਿੰਘ ਅਤੇ ਰਸਾਲ ਸਿੰਘ ਸ਼ਾਮਲ ਹਨ। ਉਨ੍ਹਾਂ ਨੂੰ ਸਿਵਲ ਹਸਪਤਾਲ ਪੱਟੀ ਤੋਂ ਹਾਲਤ ਗੰਭੀਰ ਹੋਣ ਕਰਕੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ| ਇਹ ਤਿੰਨੇ ਜਣੇ ਇਕ ਮੋਟਰ ਸਾਈਕਲ ’ਤੇ ਪਿੰਡ ਘੜਿਆਲਾ ਦੇ ਬਾਬਾ ਸ਼ੇਰ ਸ਼ਾਹ ਵਲੀ ’ਤੇ ਰਾਤ ਵੇਲੇ ਮੱਥਾ ਟੇਕਣ ਜਾ ਰਹੇ ਸਨ| ਮੋਟਰ ਸਾਈਕਲ ਨੂੰ ਰਾਜਬਿੰਦਰ ਸਿੰਘ ਚਲਾ ਰਿਹਾ ਸੀ, ਰਾਹ ਵਿੱਚ ਕਿਰਤੋਵਾਲ ਨੇੜੇ ਸਾਹਮਣੇ ਤੋਂ ਆ ਰਹੇ ਇਕ ਟਰੈਕਟਰ-ਟਰਾਲੀ ਨੇ ਉਨ੍ਹਾਂ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਰਾਜਬਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਏਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ| ਟਰੈਕਟਰ ਟਰਾਲੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜਿਸ ਕਰਕੇ ਉਸ ਦੀ ਪਛਾਣ ਨਹੀਂ ਕੀਤੀ ਜਾ ਸਕੀ।