ਜਤਿੰਦਰ ਬੈਂਸ
ਗੁਰਦਾਸਪੁਰ, 12 ਦਸੰਬਰ
ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਵਿੱਚ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਗੁਰੂ ਨਾਨਕ ਦੇਵ ਸ਼ੂਗਰਕੇਨ ਰਿਸਰਚ ਐਂਡ ਡਿਵਲਪਮੈਂਟ ਇੰਸਟੀਚਿਊਟ ਦਾ ਉਦਘਾਟਨ ਕੀਤਾ ਗਿਆ। ਸ੍ਰੀ ਰੰਧਾਵਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਸ਼ੂਗਰਕੇਨ ਰਿਸਰਚ ਐਂਡ ਡਿਵੈਲਪਮੈਂਟ ਇੰਸਟੀਚਿਊਟ 100 ਏਕੜ ਵਿੱਚ 47 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੇ ਗੰਨਾ ਕਾਸ਼ਤਕਾਰਾਂ ਲਈ ਇੰਸਟੀਚਿਊਟ ਮੀਲ ਪੱਥਰ ਸਾਬਤ ਹੋਵੇਗਾ ਅਤੇ ਇਸ ਖੋਜ ਕੇਂਦਰ ਦੇ ਬਣਨ ਨਾਲ ਗੰਨਾ ਕਾਸ਼ਤਕਾਰ ਨੂੰ ਚੰਗੇ ਝਾੜ ਵਾਲੀਆਂ ਅਤੇ ਚੰਗੀਆਂ ਕਿਸਮਾਂ ਦਾ ਬੀਜ ਉਪਲੱਬਧ ਹੋ ਸਕੇਗਾ। ਖੋਜ ਕੇਂਦਰ ਵਿੱਚ ਕਿਸਾਨਾਂ ਨੂੰ ਗੰਨੇ ਕਾਸ਼ਤ ਦੀ ਸਿਖਲਾਈ ਅਤੇ ਪੂਰੀ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਤੁਪਕਾ ਪ੍ਰਣਾਲੀ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਦੀ ਮੌਜੂਦਾ ਸਮਰੱਥਾ 2000 ਟੀ.ਸੀ.ਡੀ. ਤੋਂ ਵਧਾ ਕੇ 5000 ਟੀ.ਸੀ.ਡੀ. ਕਰਨ ਦੇ 413.80 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 120 ਕੇ.ਐਲ.ਪੀ.ਡੀ. ਦੀ ਸਮਰੱਥਾ ਵਾਲਾ ਈਥਾਨੌਲ ਪਲਾਂਟ ਵੀ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅਕਾਲੀ-ਭਾਜਪਾ ਸਰਕਾਰ ‘ਤੇ ਗੰਨਾ ਉਤਪਾਦਕਾਂ ਅਤੇ ਖੰਡ ਮਿੱਲਾਂ ਦੇ ਹਿੱਤਾਂ ਨੂੰ ਨਜ਼ਰ-ਅੰਦਾਜ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸਾਰੇ 87 ਲੈਂਡ ਮੌਰਟਗੇਜ ਬੈਂਕ ਵਿੱਤੀ ਘਾਟੇ ਵਿੱਚ ਸਨ, ਜਿਨ੍ਹਾਂ ਨੂੰ ਹੁਣ ਦੀ ਪੰਜਾਬ ਸਰਕਾਰ ਨੇ ਮਜ਼ਬੂਤ ਕੀਤਾ ਹੈ।