ਐੱਨਪੀ ਧਵਨ
ਪਠਾਨਕੋਟ, 12 ਜਨਵਰੀ
ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ, ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਰੋਡਵੇਜ਼ ਡਿੱਪੂ ਮੂਹਰੇ ਰੈਲੀ ਕੀਤੀ ਗਈ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਮਹਿਕਮੇ ਦੇ ਉਚ ਅਧਿਕਾਰੀਆਂ ਵੱਲੋਂ ਪੰਜਾਬ ਰੋਡਵੇਜ਼ ਨੂੰ ਪੀਆਰਟੀਸੀ ਵਿੱਚ ਮਰਜ਼ ਕਰਨ ਦਾ ਵਿਰੋਧ ਕੀਤਾ। ਰੈਲੀ ਨੂੰ ਸੂਬਾ ਪ੍ਰਧਾਨ ਇਕਬਾਲ ਸਿੰਘ, ਕੁਲਦੀਪ ਸਿੰਘ ਚੇਅਰਮੈਨ, ਪ੍ਰਧਾਨ ਜਸਪਾਲ, ਦਵਿੰਦਰ ਕੁਮਾਰ, ਸਕੱਤਰ ਗਗਨਦੀਪ ਸਿੰਘ, ਕੈਸ਼ੀਅਰ ਪਨਬਸ ਪ੍ਰਦੀਪ ਕੁਮਾਰ ਅਤੇ ਪ੍ਰਧਾਨ ਲਖਵਿੰਦਰ ਸਿੰਘ ਨੇ ਸੰਬੋਧਨ ਕੀਤਾ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਬੁਲਾਰਿਆਂ ਮੰਗ ਕੀਤੀ ਕਿ ਕਰਜ਼ਾ ਮੁਕਤ ਬੱਸਾਂ ਨੂੰ ਪੰਜਾਬ ਰੋਡਵੇਜ਼ ਵਿੱਚ ਸਮੇਤ ਮੁਲਾਜ਼ਮਾਂ ਦੇ ਸ਼ਾਮਲ ਕੀਤਾ ਜਾਵੇ, ਟਾਈਮ ਟੇਬਲ ਇਕਸਾਰਤਾ ਦੇ ਲਿਹਾਜ਼ ਨਾਲ ਸ਼ਿਫਟ ਵਾਈਜ਼ ਸੋਧ ਕਰ ਕੇ ਬਣਾਇਆ ਜਾਵੇ, ਸਰਕਾਰ ਵੱਲੋਂ ਜੋ ਨਵੀਆਂ ਵਾਲਵੋ ਅਤੇ ਆਮ ਬੱਸ ਜੋ ਕਿਲੋਮੀਟਰ ਸਕੀਮ ਵਿੱਚ ਪਾਉਣ ਦੀ ਤਜਵੀਜ਼ ਹੈ, ਨੂੰ ਬੰਦ ਕਰਕੇ ਸਾਰੀਆਂ ਬੱਸਾਂ ਰੋਡਵੇਜ਼ ਵਿੱਚ ਪਾਈਆਂ ਜਾਣ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਨ੍ਹਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 16 ਜਨਵਰੀ ਨੂੰ ਟਰਾਂਸਪੋਰਟ ਮੰਤਰੀ ਦੇ ਹਲਕੇ ਵਿੱਚ ਸਾਰੀਆਂ ਜਥੇਬੰਦੀਆਂ ਵਲੋਂ ਝੰਡਾ ਮਾਰਚ ਕੀਤਾ ਜਾਵੇਗਾ।
ਬਟਾਲਾ (ਦਲਬੀਰ ਸੱਖੋਵਾਲੀਆ): ਸਾਂਝੀ ਐਕਸ਼ਨ ਕਮੇਟੀ ਅਤੇ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਪੰਜਾਬ ਰੋਡਵੇਜ਼/ਪਨਬੱਸ ਬਟਾਲਾ ਦੇ ਸੱਦੇ ’ਤੇ ਮੁਲਾਜ਼ਮਾਂ ਨੇ ਗੇਟ ਰੈਲੀ ਕਰਕੇ ਸੂਬਾ ਸਰਕਾਰ ਦਾ ਪਿੱਟ ਸਿਆਪਾ ਕੀਤਾ। ਸੂਬਾਈ ਮੀਤ ਪ੍ਰਧਾਨ (ਏਟਕ) ਗੁਰਮੀਤ ਸਿੰਘ ਘੋੜੇਵਾਹ ਨੇ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਰੋਡਵੇਜ਼ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਚਾਹੁੰਦੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ 16 ਜਨਵਰੀ ’ਤੇ ਟਰਾਂਸਪੋਰਟ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ। ਯੂਨੀਅਨ ਆਗੂ ਪ੍ਰਦੀਪ ਕੁਮਾਰ ਨੇ ਕਿਹਾ ਕਿ ਰੋਡਵੇਜ਼ ਵਿੱਚ ਕੰਮ ਕਰਦੇ ਕੰਟਰੈਕਟ ਅਤੇ ਆਊਟਸੋਰਸ ਕਾਮਿਆਂ ਦਾ ਪਨਬੱਸ ਵਿੱਚ ਰਲੇਵਾਂ ਕੀਤਾ ਜਾਵੇ। ਰੈਲੀ ਵਿੱਚ ਏਟਕ ਆਗੂ ਰਣਜੋਧ ਸਿੰਘ, ਕਰਮਚਾਰੀ ਦਲ ਦੇ ਰਵਿੰਦਰ ਸਿੰਘ, ਕੰਡਕਟਰ ਯੂਨੀਅਨ ਆਗੂ ਸ਼ਿਵੰਦਰ ਕੁਮਾਰ, ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੁਪਿੰਦਰ ਸਿੰਘ ਸਮੇਤ ਹੋਰਾਂ ਨੇ ਸੰਬੋਧਨ ਕੀਤਾ।