ਐਨਪੀ. ਧਵਨ
ਪਠਾਨਕੋਟ, 5 ਅਗਸਤ
ਇੱਥੇ ਅੱਜ ਸਵੇਰੇ ਹੋਈ ਭਰਵੀਂ ਬਾਰਸ਼ ਕਾਰਨ ਚਾਰੇ ਪਾਸੇ ਮੀਂਹ ਦਾ ਪਾਣੀ ਭਰ ਗਿਆ। ਇਹ ਬਾਰਸ਼ ਵਾਲਮੀਕ ਚੌਕ ਤੋਂ ਲੈ ਕੇ ਡਾਕਖਾਨਾ ਚੌਕ ਤੱਕ ਦੁਕਾਨਦਾਰਾਂ ਅਤੇ ਨੀਵੇਂ ਖੇਤਰਾਂ ਲਈ ਆਫਤ ਬਣ ਕੇ ਆਈ ਕਿਉਂਕਿ ਤੇਜ਼ ਬਾਰਸ਼ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇੱਥੋਂ ਤੱਕ ਕਿ ਕਈ ਦੁਕਾਨਾਂ ਵਿੱਚ ਵੀ ਪਾਣੀ ਭਰ ਗਿਆ। ਇਸ ਨਾਲ ਦੁਕਾਨਦਾਰਾਂ ਦਾ ਕਾਫ਼ੀ ਨੁਕਸਾਨ ਹੋ ਗਿਆ। ਇਹ ਬਾਰਸ਼ ਸਿਵਲ ਹਸਪਤਾਲ ਅੰਦਰ ਦਾਖਲ ਮਰੀਜ਼ਾਂ ਲਈ ਵੀ ਵੱਡੀ ਪ੍ਰੇਸ਼ਾਨੀ ਬਣ ਕੇ ਸਾਹਮਣੇ ਆਈ ਕਿਉਂਕਿ ਹਸਪਤਾਲ ਅੰਦਰ ਵੀ ਪਾਣੀ ਦਾਖਲ ਹੋ ਗਿਆ। ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਅੰਦਰ ਮਰੀਜ਼ਾਂ ਦੇ ਬੈੱਡਾਂ ਤੱਕ ਪਾਣੀ ਪੁੱਜ ਗਿਆ। ਇਸ ਕਾਰਨ ਮਰੀਜ਼ਾਂ ਦੇ ਇਲਾਵਾ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਵੀ ਮੁਸ਼ਕਲ ਆਈ। ਤੂੜੀ ਵਾਲੇ ਚੌਕ ਵਿੱਚ ਬਰਸਾਤ ਦਾ ਪਾਣੀ ਇੰਨੀ ਮਾਤਰਾ ਵਿੱਚ ਜਮ੍ਹਾਂ ਹੋ ਗਿਆ ਕਿ ਉੱਥੋਂ ਲੰਘ ਰਹੀ ਜੀਪ ਪਾਣੀ ਵਿੱਚ ਫਸ ਗਈ ਅਤੇ ਉਸ ਵਿੱਚ ਸਵਾਰ ਵਿਅਕਤੀ ਬੜੀ ਮੁਸ਼ਕਲ ਨਾਲ ਪਾਣੀ ਵਿੱਚੋਂ ਬਾਹਰ ਨਿਕਲੇ। ਲੱਗਭੱਗ ਡੇਢ ਘੰਟੇ ਦੀ ਬਾਰਸ਼ ਨਾਲ ਸ਼ਹਿਰ ਦੇ ਹਰ ਖੇਤਰ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ।
ਸਥਾਨਕ ਡਾਕਖਾਨਾ ਚੌਂਕ ਸਥਿਤ ਵਪਾਰ ਮੰਡਲ ਦੇ ਚੇਅਰਮੈਨ ਭਾਰਤ ਮਹਾਜਨ ਨੇ ਕਿਹਾ ਕਿ ਉਸ ਦੀ ਬੇਸਮੈਂਟ ਵਿੱਚ ਕਾਫੀ ਮਹਿੰਗੇ ਲਹਿੰਗੇ ਅਤੇ ਕੱਪੜੇ ਪਏ ਸਨ ਜੋ ਬਰਸਾਤ ਦਾ ਪਾਣੀ ਭਰ ਜਾਣ ਕਾਰਨ ਖਰਾਬ ਹੋ ਗਏ। ਇਸੇ ਤਰ੍ਹਾਂ ਮਿਉਂਸਿਪਲ ਬਾਜ਼ਾਰ ਵਿੱਚ ਰੱਖੜੀਆਂ ਅਤੇ ਚੂੜੀਆਂ ਵੇਚਣ ਦਾ ਕੰਮ ਕਰਨ ਵਾਲੇ ਥੋਕ ਵਿਕਰੇਤਾ ਦੀ ਦੁਕਾਨ ਵਿੱਚ ਪਾਣੀ ਭਰ ਗਿਆ ਜਿਸ ਨਾਲ ਉਸ ਨੂੰ ਕਾਫੀ ਨੁਕਸਾਨ ਹੋਇਆ ਹੈ। ਹੋਰ ਵੀ ਕਾਫੀ ਸਾਰੀਆਂ ਦੁਕਾਨਾਂ ਅਤੇ ਸ਼ੋਅਰੂਮਾਂ ਵਿੱਚ ਪਾਣੀ ਭਰ ਜਾਣ ਨਾਲ ਸਾਮਾਨ ਖਰਾਬ ਹੋ ਗਿਆ। ਪ੍ਰੇਸ਼ਾਨ ਹੋਏ ਦੁਕਾਨਦਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਆਪਣਾ ਰੋਸ ਪ੍ਰਗਟ ਕੀਤਾ। ਅੱਜ ਹੋਈ ਬਾਰਸ਼ ਨਾਲ ਉਝ ਦਰਿਆ ਦਾ ਜਲ ਪੱਧਰ ਵੀ ਇੱਕ ਫਿਰ ਵਧ ਗਿਆ। ਦਰਿਆ ਵਿੱਚ ਪਾਣੀ ਦਾ ਵਹਾਅ 80 ਹਜ਼ਾਰ ਕਿਊਸਿਕ ਨੋਟ ਕੀਤਾ ਗਿਆ ਜੋ ਕਿ ਖਤਰੇ ਦੇ ਨਿਸ਼ਾਨ ਤੋਂ 20 ਹਜ਼ਾਰ ਕਿਊਸਿਕ ਘੱਟ ਰਿਹਾ। ਸਭ ਤੋਂ ਪਹਿਲਾਂ ਸਵੇਰੇ 6 ਵਜੇ ਲੱਗਭੱਗ 15 ਹਜ਼ਾਰ ਕਿਊਸਿਕ ਪਾਣੀ ਉਝ ਵਿੱਚ ਛੱਡਿਆ ਗਿਆ। ਫਿਰ 10 ਵਜੇ ਤੱਕ 80 ਹਜ਼ਾਰ ਕਿਊਸਿਕ ਪਾਣੀ ਫਿਰ ਛੱਡਿਆ ਗਿਆ। ਹਾਲਾਂਕਿ ਦਰਿਆ ਦੀ ਪਾਣੀ ਸਹਿਣ ਦੀ ਸਮਰਥਾ 1 ਲੱਖ ਕਿਊਸਿਕ ਹੈ। ਇਸ ਤੋਂ ਜ਼ਿਆਦਾ ਮਾਤਰਾ ਵਿੱਚ ਆਉਣ ਨਾਲ ਪਾਣੀ ਦਰਿਆ ਤੋਂ ਬਾਹਰ ਉਛਲਣਾ ਸ਼ੁਰੂ ਹੋ ਜਾਂਦਾ ਹੈ।