ਐਨਪੀ. ਧਵਨ
ਪਠਾਨਕੋਟ, 4 ਫਰਵਰੀ
ਮੀਂਹ ਕਾਰਨ ਸਿਵਲ ਹਸਪਤਾਲ ਦੇ ਮਰਦਾਨਾ ਵਾਰਡ ਦੀ ਛੱਤ ਤੋਂ ਲਗਾਤਾਰ ਪਾਣੀ ਟਪਕਣ ਨਾਲ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਵਾਰਡ ਵਿੱਚ ਦਾਖ਼ਲ ਮਰਦ ਅਤੇ ਔਰਤ ਮਰੀਜ਼ਾਂ ਨੂੰ ਆਪਣੇ ਕੰਬਲਾਂ ਅਤੇ ਰਜਾਈਆਂ ’ਤੇ ਪੋਲੀਥੀਨ ਵਿਛਾ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਵਾਰਡ ਨੂੰ ਮੁਰੰਮਤ ਦੇ ਬਾਅਦ ਸ਼ੁਰੂ ਕੀਤਾ ਗਿਆ ਸੀ ਪਰ ਮਰਦਾਨਾ ਵਾਰਡ ਦੀ ਛੱਤ ਤੋਂ ਟਪਕ ਰਹੇ ਪਾਣੀ ਹਾਲ ਮੁਰੰਮਤ ਦੇ ਕੰਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਮੁਰੰਮਤ ਕਰਨ ਵਾਲੀ ਏਜੰਸੀ ਤੇ ਠੇਕੇਦਾਰ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਅਨੁਸਾਰ ਜਲਦੀ ਹੀ ਇਸ ਵਾਰਡ ਵਿੱਚ ਛੱਤ ਤੋਂ ਟਪਕ ਰਹੇ ਪਾਣੀ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ।
ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਇਹ ਵਾਰਡ ਨਵਾਂ ਬਣਿਆ ਹੈ ਪਰ ਨਵਾਂ ਵਾਰਡ ਇੱਕ ਵੀ ਮੀਂਹ ਨਹੀਂ ਝੱਲ ਸਕਿਆ। ਕਾਨਵਾਂ ਤੋਂ ਆਈ ਬਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਅਪਰੇਸ਼ਨ ਹੋਣਾ ਹੈ। ਇਸ ਲਈ ਉਸ ਨੂੰ ਇਸ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ ਪਰ ਇੱਥੇ ਛੱਤ ਤੋਂ ਲਗਾਤਾਰ ਪਾਣੀ ਟਪਕ ਰਿਹਾ ਹੈ। ਇਸ ਕਾਰਨ ਉਸ ਨੂੰ ਆਪਣਾ ਬੈੱਡ ਵੀ ਖਿਸਕਾ ਕੇ ਦੂਜੀ ਜਗ੍ਹਾ ਲਗਾਉਣਾ ਪਿਆ ਹੈ। ਇਸ ਤਰ੍ਹਾਂ ਇੱਕ ਹੋਰ ਮਰੀਜ਼ ਅਰਚਨਾ ਨੂੰ ਵੀ ਆਪਣੀ ਰਜਾਈ ਦੇ ਉੱਪਰ ਪਾਲੀਥੀਨ ਰੱਖ ਕੇ ਕੰਮ ਚਲਾਉਣਾ ਪੈ ਰਿਹਾ ਹੈ।